ਨਵੀਂ ਦਿੱਲੀ, 18 ਜਨਵਰੀ
ਸਾਬਕਾ ਕੇਂਦਰੀ ਮੰਤਰੀ ਐਮ.ਜੇ. ਅਕਬਰ ਨੇ ਦਿੱਲੀ ਦੀ ਅਦਾਲਤ ਨੂੰ ਦੱਸਿਆ ਕਿ ਪੱਤਰਕਾਰ ਪ੍ਰਿਆ ਰਮਾਨੀ ਨੇ ਉਨ੍ਹਾਂ ਦੀ ਸਾਖ਼ ਨੂੰ ਸੱਟ ਮਾਰੀ ਹੈ ਕਿਉਂਕਿ ਉਸ ਨੇ ਹੀ ਪਹਿਲਾਂ ਭੜਕਾਊ ਬਿਆਨ ਦੇ ਕੇ ਕਥਿਤ ਤੌਰ ’ਤੇ ਦਹਾਕਿਆਂ ਪੁਰਾਣੀ ਘਟਨਾ ’ਚ ਜਿਨਸੀ ਦੁਰਵਿਹਾਰ ਦੇ ਦੋਸ਼ ਲਾਏ ਹਨ। ਅਕਬਰ, ਰਮਾਨੀ ਦੀ ਉਸ ਦਲੀਲ ਦਾ ਜਵਾਬ ਦੇ ਰਿਹਾ ਸੀ ਜਿਸ ਵਿਚ ਉਸ ਨੇ ਕਿਹਾ ਸੀ ਕਿ ਉਹ ਇਕੱਲੀ ਨਹੀਂ ਹੈ ਪਰ ਬਹੁਤ ਸਾਰੀਆਂ ਮਹਿਲਾ ਪੱਤਰਕਾਰਾਂ ਨੇ ਅਕਬਰ ਉਤੇ ਦੋਸ਼ ਲਾਏ ਹਨ। ਪਰ ਸਾਬਕਾ ਕੇਂਦਰੀ ਮੰਤਰੀ ਨੇ ਮਾਣਹਾਨੀ ਦਾ ਮੁਕੱਦਮਾ ਸਿਰਫ਼ ਉਸ ਖ਼ਿਲਾਫ਼ ਹੀ ਦਾਇਰ ਕੀਤਾ ਹੈ। ਜ਼ਿਕਰਯੋਗ ਹੈ ਕਿ ਰਮਾਨੀ ਨੇ ਅਕਬਰ ’ਤੇ ਦੋਸ਼ 2018 ਵਿਚ ‘ਮੀ ਟੂ’ ਮੁਹਿੰਮ ਤਹਿਤ ਲਾਏ ਸਨ। ਅਕਬਰ ਦੀ ਵਕੀਲ ਨੇ ਕਿਹਾ ਕਿ ਰਮਾਨੀ ਨੇ ਦੋਸ਼ ਚੰਗੀ ਭਾਵਨਾ ਤਹਿਤ ਨਹੀਂ ਲਾਏ, ਇਨ੍ਹਾਂ ਦਾ ਮੰਤਵ ਕੁਝ ਹੋਰ ਹੈ। -ਪੀਟੀਆਈ