ਲਖ਼ਨਊ, 28 ਜਨਵਰੀ
ਬਸਪਾ ਪ੍ਰਧਾਨ ਮਾਇਆਵਤੀ ਨੇ ਅੱਜ ਕਿਹਾ ਕਿ ਭਾਜਪਾ ਤੇ ਸਮਾਜਵਾਦੀ ਪਾਰਟੀ ਯੂਪੀ ਵਿਧਾਨ ਸਭਾ ਚੋਣਾਂ ਨੂੰ ਰਲ-ਮਿਲ ਕੇ ਫ਼ਿਰਕੂ ਤੇ ਜਾਤੀਵਾਦੀ ਰੰਗਤ ਦੇ ਰਹੇ ਹਨ। ਇਕ ਟਵੀਟ ਵਿਚ ਬਹੁਜਨ ਸਮਾਜ ਪਾਰਟੀ ਦੀ ਪ੍ਰਧਾਨ ਨੇ ਲੋਕਾਂ ਨੂੰ ਅਜਿਹੇ ਹੱਥਕੰਡਿਆਂ ਤੋਂ ਬਚਣ ਦੀ ਅਪੀਲ ਕੀਤੀ ਹੈ।
ਉੱਤਰ ਪ੍ਰਦੇਸ਼ ਦੀ ਸਾਬਕਾ ਮੁੱੱਖ ਮੰਤਰੀ ਨੇ ਕਿਹਾ ਕਿ ਜਿਸ ਢੰਗ ਨਾਲ ਧਰਮ ਤੇ ਜਾਤ ਦੀ ਸਿਆਸਤ ਯੂਪੀ ਚੋਣਾਂ ਵਿਚ ਭਾਰੂ ਹੋ ਰਹੀ ਹੈ ਤੇ ਮੀਡੀਆ ਵੀ ਅਜਿਹੀਆਂ ਹੀ ਖ਼ਬਰਾਂ ਨਾਲ ਭਰਿਆ ਪਿਆ ਹੈ, ਜਾਪਦਾ ਹੈ ਕਿ ਸਪਾ ਤੇ ਭਾਜਪਾ ਰਲ-ਮਿਲ ਕੇ ਇਹ ਸਭ ਕਰ ਰਹੇ ਹਨ। ਚੋਣਾਂ ਨੂੰ ਹਿੰਦੂ-ਮੁਸਲਿਮ ਤੇ ਜਾਤੀਵਾਦ ਦੇ ਰੰਗ ਵਿਚ ਰੰਗਿਆ ਜਾ ਰਿਹਾ ਹੈ। ਲੋਕਾਂ ਨੂੰ ਸੁਚੇਤ ਹੋਣ ਦੀ ਲੋੜ ਹੈ।’ ਯੂਪੀ ਵਿਚ ਵਿਧਾਨ ਸਭਾ ਚੋਣਾਂ ਸੱਤ ਗੇੜਾਂ ਵਿਚ 10 ਫਰਵਰੀ ਤੋਂ ਸ਼ੁਰੂ ਹੋਣਗੀਆਂ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਅਜਿਹੀ ਕਿਸੇ ਵੀ ਪਾਰਟੀ ਦੇ ਝਾਂਸੇ ’ਚ ਨਹੀਂ ਆਉਣਾ ਚਾਹੀਦਾ ਹੈ ਜੋ ਉਨ੍ਹਾਂ ਨੂੰ ਧਰਮ ਦੇ ਨਾਮ ’ਤੇ ਵੰਡਣ ਦੀਆਂ ਕੋਸ਼ਿਸ਼ਾਂ ਕਰੇ।
ਉਨ੍ਹਾਂ ਲੋਕਾਂ ਨੂੰ ਸੁਚੇਤ ਕੀਤਾ ਕਿ ਉਹ ਆਗੂਆਂ ਦੀਆਂ ਗੱਲਾਂ ’ਚ ਨਾ ਆਉਣ ਕਿਉਂਕਿ ਉਹ ਵੋਟਾਂ ਲਈ ਕੋਈ ਵੀ ਵਾਅਦੇ ਕਰ ਸਕਦੇ ਹਨ ਪਰ ਸੱਤਾ ਹੱਥ ’ਚ ਆਉਂਦੇ ਸਾਰ ਲੋਕਾਂ ਨੂੰ ਖੁੱਡੇ ਲਗਾ ਦਿੱਤਾ ਜਾਵੇਗਾ। -ਪੀਟੀਆਈ
ਬਹੁਜਨ ਸਮਾਜ ਪਾਰਟੀ ਨੇ 53 ਉਮੀਦਵਾਰ ਐਲਾਨੇ
ਲਖਨਊ: ਬਸਪਾ ਨੇ ਯੂਪੀ ਵਿਚ ਚੌਥੇ ਗੇੜ ਵਿਚ ਹੋਣ ਵਾਲੀਆਂ ਚੋਣਾਂ ਲਈ 53 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ। ਯੂਪੀ ਵਿਚ ਕੁੱਲ ਸੱਤ ਗੇੜਾਂ ਵਿਚ ਚੋਣਾਂ ਹੋਣਗੀਆਂ। ਫਰਵਰੀ 23 ਨੂੰ ਚੌਥੇ ਗੇੜ ਦੀਆਂ ਚੋਣਾਂ ਦੌਰਾਨ 59 ਸੀਟਾਂ ਲਈ ਵੋਟਾਂ ਪੈਣਗੀਆਂ। ਇਸ ਸੂੂਚੀ ਨੂੰ ਜਾਰੀ ਕਰਦੇ ਸਮੇਂ ਪਾਰਟੀ ਵੱਲੋਂ ਕਿਹਾ ਗਿਆ ਹੈ ਕਿ ਚੌਥੇ ਗੇੜ ਦੀਆਂ ਚੋਣਾਂ ਲਈ ਕਰੀਬ ਸਾਰੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਚੌਥੇ ਗੇੜ ਦੀਆਂ ਚੋਣਾਂ ਦੌਰਾਨ ਪੀਲੀਭੀਤ, ਲਖੀਮਪੁਰ ਖੀਰੀ, ਸੀਤਾਪੁਰ, ਹਰਦੋਈ, ਉਨਾਓ, ਲਖਨਊ, ਰਾਏ ਬਰੇਲੀ ਅਤੇ ਫਤਹਿਪੁਰ ਜ਼ਿਲ੍ਹਿਆਂ ਵਿਚ ਵੋਟਾਂ ਪੈਣਗੀਆਂ। ਇਨ੍ਹਾਂ ਸੀਟਾਂ ਵਿਚੋਂ 14 ਰਾਖਵੀਆਂ ਸੀਟਾਂ ਵੀ ਸ਼ਾਮਲ ਹਨ। ਬਸਪਾ ਨੇ ਚਾਰ ਔਰਤਾਂ, 15 ਮੁਸਲਿਮ ਅਤੇ ਸੱਤ ਬ੍ਰਾਹਮਣ ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ ਹਨ। ਯੂਪੀ ਵਿਚ 10 ਫਰਵਰੀ ਤੋਂ ਚੋਣਾਂ ਸ਼ੁਰੂ ਹੋ ਜਾਣਗੀਆਂ। -ਪੀਟੀਆਈ