ਲਖਨਊ, 6 ਸਤੰਬਰ
ਬਹੁਜਨ ਸਮਾਜ ਪਾਰਟੀ ਦੀ ਸੁਪਰੀਮੋ ਮਾਇਆਵਤੀ ਨੇ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਵਿੱਚ ਕਿਸਾਨ ਮਹਾ ਪੰਚਾਇਤ ਦੌਰਾਨ ਹਿੰਦੂ-ਮੁਸਲਿਮ ਏਕਤਾ ਦੇ ਲੱਗੇ ਨਾਅਰਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਹੈ ਕਿ ਇਹ ਨਾਅਰੇ ਸਾਲ 2013 ਦੌਰਾਨ ਹੋਏ ਦੰਗਿਆਂ ਦੇ ਜ਼ਖ਼ਮਾਂ ਨੂੰ ਭਰਨ ਵਿੱਚ ਮਦਦ ਕਰਨਗੇ। ਉਨ੍ਹਾਂ ਨੇ ਟਵੀਟ ਕੀਤਾ,‘‘ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਜ਼ਿਲ੍ਹੇ ਵਿੱਚ ਕੱਲ੍ਹ ਹੋਈ ਕਿਸਾਨਾਂ ਦੀ ਮਹਾ ਪੰਚਾਇਤ ਵਿੱਚ ਹਿੰਦੂ-ਮੁਸਲਿਮ ਫਿਰਕਿਆਂ ਵਿਚਲੀ ਏਕਤਾ ਦੇ ਲਈ ਕੀਤੇ ਯਤਨ ਸ਼ਲਾਘਾਯੋਗ ਹਨ, ਇਸ ਨਾਲ ਸਾਲ 2013 ਦੌਰਾਨ ਸਪਾ ਸਰਕਾਰ ’ਚ ਹੋਏ ਦੰਗਿਆਂ ਦੇ ਜ਼ਖ਼ਮਾਂ ਨੂੰ ਭਰਨ ਵਿੱਚ ਮਦਦ ਮਿਲੇਗੀ ਪਰ ਇਹ ਕਈ ਲੋਕਾਂ ਨੂੰ ਅਸਹਿਜ ਵੀ ਕਰੇਗੀ।’’ ਬਸਪਾ ਆਗੂ ਨੇ ਕਿਹਾ, ‘‘ਕਿਸਾਨ ਦੇਸ਼ ਦੀ ਸ਼ਾਨ ਹੈ ਅਤੇ ਮੰਚ ਤੋਂ ਹਿੰਦੂ-ਮੁਸਲਿਮ ਭਾਈਚਾਰੇ ਲਈ ਲੱਗੇ ਏਕਤਾ ਦੇ ਨਾਅਰਿਆਂ ਨਾਲ ਭਾਜਪਾ ਵੱਲੋਂ ਨਫ਼ਰਤ ਨਾਲ ਬੀਜੀ ਸਿਆਸੀ ਜ਼ਮੀਨ ਖਿਸਕਦੀ ਨਜ਼ਰ ਆ ਰਹੀ ਹੈ ਤੇ ਮੁਜ਼ੱਫਰਨਗਰ ਨੇ ਕਾਂਗਰਸ ਤੇ ਸਪਾ ਦੇ ਦੰਗਿਆਂ ਵਾਲੇ ਸ਼ਾਸਨ ਦੀ ਯਾਦ ਵੀ ਲੋਕਾਂ ਦੇ ਮਨਾਂ ਵਿੱਚ ਤਾਜ਼ਾ ਕਰ ਦਿੱਤੀ ਹੈ। ’’ ਦੱਸਣਯੋਗ ਹੈ ਕਿ ਮੁਜ਼ੱਫਰਨਗਰ ਜ਼ਿਲ੍ਹੇ ਵਿੱਚ ਹਿੰਦੂ ਅਤੇ ਮੁਸਲਿਮ ਭਾਈਚਾਰੇ ਵਿੱਚ ਸੰਘਰਸ਼ ਅਗਸਤ, 2013 ਵਿੱਚ ਹੋਇਆ ਸੀ, ਜਿਸ ਦੌਰਾਨ ਦੋਵਾਂ ਭਾਈਚਾਰਿਆਂ ਦੇ ਤਕਰੀਬਨ 62 ਲੋਕਾਂ ਦੀ ਮੌਤ ਹੋ ਗਈ ਸੀ। -ਪੀਟੀਆਈ