ਲਖਨਊ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਤਿੰਨ ਖੇਤੀ ਕਾਨੂੰਨ ਵਾਪਸ ਲੈਣ ਦੇ ਐਲਾਨ ’ਤੇ ਬਸਪਾ ਸੁਪਰੀਮੋ ਮਾਇਆਵਤੀ ਨੇ ਕਿਸਾਨਾਂ ਨੂੰ ਮੁਬਾਰਕਬਾਦ ਦਿੱਤੀ ਪਰ ਕੇਂਦਰ ਸਰਕਾਰ ਦੇ ਕਦਮ ਨੂੰ ਕਾਫ਼ੀ ਦੇਰੀ ਨਾਲ ਲਿਆ ਗਿਆ ਆਖਿਆ। ਉਨ੍ਹਾਂ ਕਿਸਾਨਾਂ ਦੀ ਫ਼ਸਲ ਲਈ ਸਮਰਥਨ ਮੁੱਲ ਵਾਸਤੇ ਕਾਨੂੰਨ ਬਣਾਉਣ ਤੇ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲੇ ਸੰਘਰਸ਼ ਦੌਰਾਨ ਆਪਣੀਆਂ ਜਾਨਾਂ ਗਵਾਉਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਲਈ ਵਿੱਤੀ ਮੁਆਵਜ਼ਾ ਦੇਣ ਦੀ ਮੰਗ ਕੀਤੀ। ਉਨ੍ਹਾਂ ਕਿਹਾ,‘ਕਿਸਾਨਾਂ ਦੀਆਂ ਕੁਰਬਾਨੀਆਂ ਨੇ ਰੰਗ ਲਿਆਂਦਾ ਹੈ। ਸਰਕਾਰ ਨੇ ਆਖ਼ਰਕਾਰ ਤਿੰਨ ਵਿਵਾਦਤ ਕਾਨੂੰਨ ਵਾਪਸ ਲੈ ਲਏ ਹਨ, ਭਾਵੇਂ ਇਸ ’ਚ ਬਹੁਤ ਦੇਰੀ ਹੋ ਗਈ ਹੈ। ਇਹ ਫ਼ੈਸਲਾ ਕਾਫ਼ੀ ਪਹਿਲਾਂ ਲੈ ਲਿਆ ਜਾਣਾ ਚਾਹੀਦਾ ਸੀ ਤਾਂ ਕਿ ਮੁਲਕ ਨੂੰ ਦਰਪੇਸ਼ ਕਈ ਔਕੜਾਂ ਦਾ ਹੱਲ ਹੋ ਗਿਆ ਹੁੰਦਾ। ਕਿਸਾਨਾਂ ਦੀ ਫ਼ਸਲ ਲਈ ਐੱਮਐੱਸਪੀ ਯਕੀਨੀ ਬਣਾਉਣਲਈ ਕੌਮੀ ਕਾਨੂੰਨ ਦੀ ਮੰਗ ਪੂਰੀ ਹੋਣੀ ਅਜੇ ਵੀ ਬਾਕੀ ਹੈ। ਬਸਪਾ ਦੀ ਮੰਗ ਹੈ ਕਿ ਸੰਸਦ ਦੇ ਸਰਦ ਰੁੱਤ ਇਜਲਾਸ ਵਿੱਚ ਸਰਕਾਰ ਇਹ ਮੰਗ ਮੰਨ ਲਵੇ।’ ਬਸਪਾ ਸੁਪਰੀਮੋ ਨੇ ਕਿਸਾਨ ਮੁਜ਼ਾਹਰੇ ਦੌਰਾਨ ਮਾਰੇ ਗਏ ਕਿਸਾਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਵਿੱਤੀ ਸਹਾਇਤਾ ਦੇਣ ਤੋਂ ਇਲਾਵਾ ਇਨ੍ਹਾਂ ਪਰਿਵਾਰਾਂ ਦੇ ਘੱਟੋ-ਘੱਟ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ। -ਪੀਟੀਆਈ