ਲਖਨਊ, 7 ਸਤੰਬਰ
ਬਹੁਜਨ ਸਮਾਜ ਪਾਰਟੀ ਦੀ ਸੁਪਰੀਮੋ ਮਾਇਆਵਤੀ ਨੇ ਮੰਗਲਵਾਰ ਨੂੰ ਭਾਜਪਾ ਅਤੇ ਸਮਾਜਵਾਦੀ ਪਾਰਟੀ ’ਤੇ ਸਿਰਫ਼ ਵੱਡੇ-ਵੱਡੇ ਦਾਅਵੇ ਕਰਨ ਅਤੇ ਅਸਲੀਅਤ ਵਿੱਚ ਲੋਕਾਂ ਦੀ ਭਲਾਈ ਲਈ ਕੁਝ ਨਾ ਕਰਨ ਦਾ ਦੋਸ਼ ਲਾਇਆ ਹੈ। ਉਨ੍ਹਾਂ ਸਪਸ਼ਟ ਕੀਤਾ ਹੈ ਕਿ ‘ਦਲਿਤ-ਬ੍ਰਾਹਮਣ’ ਏਕਤਾ ਹੀ ਬਸਪਾ ਨੂੰ ਮੁੜ ਸੱਤਾ ਵਿੱਚ ਲਿਆ ਸਕਦੀ ਹੈ। ਪਾਰਟੀ ਵੱਲੋਂ ਬ੍ਰਾਹਮਣ ਸਮਾਜ ਨਾਲ ਰਾਬਤਾ ਕਾਇਮ ਕਰਨ ਲਈ ਕੀਤੇ ਪ੍ਰੋਗਰਾਮ ‘ਪ੍ਰਬੁੱਧ ਵਰਗ ਸੰਮੇਲਨ’ ਨੂੰ ਸੰਬੋਧਨ ਕਰਦੇ ਹੋਏ ਮਾਇਆਵਤੀ ਨੇ ਕਿਹਾ ਕਿ ਭਾਜਪਾ ਤੇ ਸਪਾ ਦਲਿਤ ਅਤੇ ਬ੍ਰਾਹਮਣ ਸਮਾਜ ਦੀਆਂ ਵੋਟਾਂ ਬਟੋਰਨ ਲਈ ਸਿਰਫ਼ ਝੂਠੀਆਂ ਗੱਲਾਂ ਕਰਦੇ ਹਨ ਪਰ ਸੱਤਾ ਵਿੱਚ ਹੁੰਦਿਆਂ ਲੋਕਾਂ ਦੇ ਭਲੇ ਲਈ ਕੁਝ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਬਸਪਾ ਦੀ ‘ਕਥਨੀ ਤੇ ਕਰਨੀ’ ਦਾ ਅੰਦਾਜ਼ਾ ਉੱਤਰ ਪ੍ਰਦੇਸ਼ ਵਿੱਚ ਸਾਲ 2007 ਤੋਂ 2012 ਤੱਕ ਚੱਲੇ ਕਾਰਜਕਾਲ ਤੋਂ ਲਗਾਇਆ ਜਾ ਸਕਦਾ ਹੈ, ਜਿਸ ਵੇਲੇ ਦਲਿਤ ਅਤੇ ਬ੍ਰਾਹਮਣ ਭਾਈਚਾਰੇ ਦੀ ਸੁਰੱਖਿਆ ਦੇ ਨਾਲ-ਨਾਲ ਸਮਾਜ ਦੇ ਹੋਰ ਵਰਗਾਂ ਦੀਆਂ ਸੁਰੱਖਿਆ ਵੱਲ ਖਾਸ ਧਿਆਨ ਦਿੱਤਾ ਜਾਂਦਾ ਸੀ। ਮਾਇਆਵਤੀ ਨੇ ਮੁਜ਼ੱਫਰਨਗਰ ਫਿਰਕੂ ਦੰਗਿਆਂ ਲਈ ਕਾਂਗਰਸ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਜਦੋਂ ਕਾਂਗਰਸ ਪਾਰਟੀ ਸੱਤਾ ਵਿੱਚ ਸੀ ਤਾਂ ਉਹ ਘੱਟ ਗਿਣਤੀਆਂ ਦੀ ਸੁਰੱਖਿਆ ਯਕੀਨੀ ਨਹੀਂ ਬਣਾ ਸਕੀ ਸੀ। ਉਨ੍ਹਾਂ ਦਾਅਵਾ ਕੀਤਾ ਕਿ ਸਾਲ 2022 ਦੌਰਾਨ ਬਸਪਾ ਦੇ ਸੱਤਾ ’ਚ ਆਉਣ ’ਤੇ ਦਲਿਤ ਤੇ ਬ੍ਰਾਹਮਣ ਭਾਈਚਾਰੇ ਖ਼ਿਲਾਫ਼ ਹੋਏ ਅੱਤਿਆਚਾਰ ਸਬੰਧੀ ਕੇਸਾਂ ਦੀ ਜਾਂਚ ਕਰਵਾਈ ਜਾਏਗੀ। -ਪੀਟੀਆਈ