ਲਖਨਊ: ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਤੇ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਅੱਜ ਅਗਨੀਪਥ ਯੋਜਨਾ ਦੇ ਮੁੱਦੇ ’ਤੇ ਕੇਂਦਰ ਸਰਕਾਰ ਨੂੰ ਘੇਰਦਿਆਂ ਦਾਅਵਾ ਕੀਤਾ ਕਿ ਇਹ ਯੋਜਨਾ ਜਲਦਬਾਜ਼ੀ ਨਾਲ ਲਿਆਂਦੀ ਗਈ ਹੈ ਅਤੇ ਦੇਸ਼ ਭਰ ’ਚ ਭਾਜਪਾ ਦਾ ਹੋ ਰਿਹਾ ਵਿਰੋਧ ਇਸ ਗੱਲ ਦਾ ਸਬੂਤ ਹੈ ਕਿ ਭਗਵਾ ਪਾਰਟੀ ਆਪਣਾ ਆਧਾਰ ਗੁਆ ਚੁੱਕੀ ਹੈ। ਮਾਇਆਵਤੀ ਨੇ ਟਵੀਟ ਕੀਤਾ, ‘ਨਵੀਂ ਅਗਨੀਪਥ ਯੋਜਨਾ ਨੇ ਦੇਸ਼ ਨੂੰ ਹੈਰਾਨ ਕਰ ਦਿੱਤਾ ਹੈ ਅਤੇ ਇਹ ਯੋਜਨਾ ਨੋਟਬੰਦੀ ਤੇ ਲੌਕਡਾਊਨ ਦੀ ਤਰ੍ਹਾਂ ਜਲਦਬਾਜ਼ੀ ਨਾਲ ਲਾਗੂ ਕੀਤੀ ਜਾ ਰਹੀ ਹੈ ਜਿਸ ਕਾਰਨ ਕਰੋੜਾਂ ਨੌਜਵਾਨ ਤੇ ਉਨ੍ਹਾਂ ਦੇ ਪਰਿਵਾਰ ਪ੍ਰਭਾਵਿਤ ਹੋਏ ਹਨ। ਨੌਜਵਾਨਾਂ ’ਚ ਇਸ ਖ਼ਿਲਾਫ਼ ਗੁੱਸਾ ਹੈ। ਸਰਕਾਰ ਨੂੰ ਆਪਣਾ ਹੰਕਾਰੀ ਰਵੱਈਆ ਛੱਡਣਾ ਚਾਹੀਦਾ ਹੈ।’ ਉਨ੍ਹਾਂ ਕਿਹਾ ਕਿ ਭਾਜਪਾ ਆਗੂਆਂ ਵੱਲੋਂ ਦਿੱਤੇ ਜਾ ਰਹੇ ਪੁੱਠੇ-ਸਿੱਧੇ ਬਿਆਨਾਂ ਕਾਰਨ ਲੋਕਾਂ ’ਚ ਭਰਮ ਫੈਲ ਰਿਹਾ ਹੈ ਅਤੇ ਫੌਜ ਲਈ ਵੀ ਮੁਸ਼ਕਲ ਖੜ੍ਹੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਅਜਿਹੀ ਤੰਗ ਸੋਚ ਵਾਲੀ ਸਿਆਸਤ ਬੰਦ ਕੀਤੀ ਜਾਣੀ ਚਾਹੀਦੀ ਹੈ। ਅਖਿਲੇਸ਼ ਯਾਦਵ ਨੇ ਟਵੀਟ ਕੀਤਾ, ‘ਨੌਜਵਾਨ ਨਿਰਾਸ਼ ਹਨ ਤੇ ਉਨ੍ਹਾਂ ’ਚ ਆਪਣੇ ਭਵਿੱਖ ਨੂੰ ਲੈ ਕੇ ਅਸੁਰੱਖਿਆ ਤੇ ਡਰ ਦੀ ਭਾਵਨਾ ਹੈ। ਇਹ ਦੇਸ਼ ਦੇ ਵਿਕਾਸ ਲਈ ਖਤਰਨਾਕ ਸਾਬਤ ਹੋਵੇਗਾ। ਸਰਕਾਰ ਦੀ ਜ਼ਿੰਮੇਵਾਰੀ ਵਰਤਮਾਨ ਨੂੰ ਸੁਧਾਰਨ ਤੇ ਭਵਿੱਖ ਨੂੰ ਨਵਾਂ ਰੂਪ ਦੇਣ ਦੀ ਹੈ। ਭਾਜਪਾ ਦੇ ਚੁਫੇਰਿਓਂ ਹੋ ਰਹੇ ਵਿਰੋਧ ਤੋਂ ਸਾਬਤ ਹੋ ਰਿਹਾ ਹੈ ਕਿ ਉਹ ਆਪਣੀ ਹਮਾਇਤ ਗੁਆ ਚੁੱਕੀ ਹੈ।’ -ਪੀਟੀਆਈ