ਜੰਮੂ, 3 ਸਤੰਬਰ
ਜੰਮੂ ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ਵਿੱਚੋਂ ਇੱਕ ਮਦਰੱਸੇ ਦੇ ਅਧਿਆਪਕ ਨੂੰ ਪਾਕਿਸਤਾਨ ਆਧਾਰਤ ਅਤਿਵਾਦੀਆਂ ਨੂੰ ਸੁਰੱਖਿਆ ਸਬੰਧੀ ਖੁਫ਼ੀਆ ਜਾਣਕਾਰੀ ਭੇਜਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮੌਲਵੀ ਕਾਰੀ ਅਬਦੁਲ ਵਾਹਿਦ (25) ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਦੂਲ ਇਲਾਕੇ ਦਾ ਵਾਸੀ ਵਾਹਿਦ ਆਪਣੀ ਪਤਨੀ ਅਤੇ ਸੱਤ ਮਹੀਨੇ ਦੇ ਬੱਚੇ ਨਾਲ ਦਾਦਪੇਠ ਪਿੰਡ ਦੇ ਮਦਰੱਸੇ ਵਿੱਚ ਰਹਿ ਰਿਹਾ ਸੀ।
ਅਧਿਕਾਰੀਆਂ ਨੇ ਮੌਲਵੀ ਦੀ ਗ੍ਰਿਫ਼ਤਾਰੀ ਨੂੰ ਵੱਡੀ ਸਫ਼ਲਤਾ ਕਰਾਰ ਦਿੰਦਿਆਂ ਕਿਹਾ ਕਿ ਸ਼ੁਰੂ ਵਿੱਚ ਸੈਨਾ ਦੇ ਖੁਫ਼ੀਆ ਵਿੰਗ ਨੂੰ ਇੱਕ ਸ਼ੱਕੀ ਵਿਅਕਤੀ ਦੀ ਭੂਮਿਕਾ ਬਾਰੇ ਪਤਾ ਲੱਗਿਆ ਸੀ, ਜੋ ਪਾਕਿਸਤਾਨ ਨੂੰ ਸੰਵੇਦਨਸ਼ੀਲ ਜਾਣਕਾਰੀ ਭੇਜ ਰਿਹਾ ਸੀ। ਇਸ ਮਗਰੋਂ ਵਾਹਿਦ ਵੱਖ ਵੱਖ ਸੁਰੱਖਿਆ ਏਜੰਸੀਆਂ ਦੇ ਨਿਸ਼ਾਨੇ ’ਤੇ ਆ ਗਿਆ। ਸੁਰੱਖਿਆ ਏਜੰਸੀਆਂ ਨੇ ਮੁਲਜ਼ਮ ਦੀ ਪਛਾਣ ਕਰਨ ਅਤੇ ਉਸ ਨੂੰ ਗ੍ਰਿਫ਼ਤਾਰ ਕਰਨ ਲਈ ਮਿਲ ਕੇ ਕੰਮ ਕੀਤਾ। ਅਧਿਕਾਰੀਆਂ ਨੇ ਦੱਸਿਆ ਕਿ ਏਜੰਸੀਆਂ ਨੇ ਪਿਛਲੇ ਹਫ਼ਤੇ ਹੀ ਵਾਹਿਦ ਨੂੰ ਪੁੱਛ ਪੜਤਾਲ ਲਈ ਸੱਦਿਆ ਸੀ। ਪੁਲੀਸ, ਸੈਨਾ ਦੀ ਖੁਫ਼ੀਆ ਇਕਾਈ ਅਤੇ ਰਾਜ ਜਾਂਚ ਏਜੰਸੀ (ਐੱਸਆਈਏ) ਦੀ ਸਾਂਝੀ ਪੁੱਛ ਪੜਤਾਲ ਦੌਰਾਨ ਵਾਹਿਦ ਨੇ ਦਸੰਬਰ 2020 ਤੋਂ ਹੀ ਅਤਿਵਾਦੀ ਸਮੂਹ ਕਸ਼ਮੀਰ ਜਾਂਬਾਜ਼ ਫੋਰਸ (ਕੇਜੇਐੱਫ) ਲਈ ਕੰਮ ਕਰਨ ਅਤੇ ਸੁਰੱਖਿਆ ਪ੍ਰਬੰਧਾਂ ਸਬੰਧੀ ਵੀਡੀਓ ਅਤੇ ਤਸਵੀਰਾਂ ਸਾਂਝੀਆਂ ਕਰਨ ਦੀ ਗੱਲ ਨੂੰ ਸਵੀਕਾਰਿਆ। ਵਾਹਿਦ ਦਾ ਝੁਕਾਅ ਅਤਿਵਾਦ ਪੱਖੀ ਸੀ ਅਤੇ ਉਹ ਸੋਸ਼ਲ ਮੀਡੀਆ ’ਤੇ ਖੁਦਮੁਖਤਿਆਰ ਕੇਜੇਐੱਫ ਕਮਾਂਡਰ ਤੱਯਬ ਫਾਰੂਖ਼ੀ ਉਰਫ਼ ਉਮਰ ਖਤਾਬ ਦੇ ਸੰਪਰਕ ਵਿੱਚ ਆਇਆ। ਇਸ ਮਗਰੋਂ ਵਾਹਿਦ ਅਤਿਵਾਦੀ ਸੰਗਠਨ ਦੇ ਆਨਲਾਈਨ ਗਰੁੱਪ ਦਾ ਸਰਗਰਮ ਮੈਂਬਰ ਬਣ ਗਿਆ ਸੀ। -ਪੀਟੀਆਈ