ਜੈਪੁਰ: ਪੈਗੰਬਰ ਮੁਹੰਮਦ ਖਿਲਾਫ਼ ਵਿਵਾਦਿਤ ਟਿੱਪਣੀਆਂ ਕਰਨ ਵਾਲੀ ਭਾਜਪਾ ਦੀ ਮੁਅੱਤਲ ਤਰਜਮਾਨ ਨੂਪੁਰ ਸ਼ਰਮਾ ਦਾ ‘ਸਿਰ ਕਲਮ ਕਰਨ’ ਵਾਲੇ ਨੂੰ ਤੋਹਫੇ ਵਿੱਚ ਆਪਣਾ ਘਰ ਦੇਣ ਦਾ ਸੱਦਾ ਦੇਣ ਵਾਲੇ ਅਜਮੇਰ ਦਰਗਾਹ ਦੇ ਮੌਲਵੀ ਨੂੰ ਪੁਲੀਸ ਨੇ ਅੱਜ ਗ੍ਰਿਫ਼ਤਾਰ ਕਰ ਲਿਆ ਹੈ। ਮੌਲਵੀ ਨੇ ਕੈਮਰੇ ’ਤੇ ਇਹ ਪੇਸ਼ਕਸ਼ ਕੀਤੀ ਸੀ। ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਮੁਲਜ਼ਮ ‘ਖਾਦਿਮ’ ਸਲਮਾਨ ਚਿਸ਼ਤੀ ‘ਪੇਸ਼ੇਵਰ ਮੁਜਰਮ’ ਹੈ ਅਤੇ ਵੀਡੀਓ ਰਿਕਾਰਡ ਕਰਨ ਮੌਕੇ ਉਹ ਨਸ਼ੇ ਦੀ ਹਾਲਤ ਵਿਚ ਸੀ। ਅਜਮੇਰ ਪੁਲੀਸ ਨੇ ਮੌਲਵੀ ਖਿਲਾਫ਼ ਸੋਮਵਾਰ ਰਾਤ ਨੂੰ ਹੀ ਐੱਫਆਈਆਰ ਦਰਜ ਕਰ ਲਈ ਸੀ।
ਦਰਗ਼ਾਹ ਪੁਲੀਸ ਸਟੇਸ਼ਨ ਦੇ ਐੱਸਐੱਚਓ ਦਲਬੀਰ ਸਿੰਘ ਫੌਜਦਾਰ ਨੇ ਕਿਹਾ, ‘‘ਸਲਮਾਨ ਚਿਸ਼ਤੀ ਨੂੰ ਲੰਘੀ ਰਾਤ (ਮੰਗਲਵਾਰ) ਹੀ ਗ੍ਰਿਫ਼ਤਾਰ ਕਰ ਲਿਆ ਸੀ…ਉਹ ਪੇਸ਼ੇਵਰ ਮੁਜਰਮ ਹੈ ਤੇ ਦਰਗਾਹ ਪੁਲੀਸ ਸਟੇਸ਼ਨ ਵਿੱਚ ਉਸ ਖ਼ਿਲਾਫ਼ ਕਈ ਕੇਸ ਦਰਜ ਹਨ।’’ ਅਜਮੇਰ ਦੇ ਸਹਾਇਕ ਐੱਸਪੀ ਵਿਕਾਸ ਸਾਂਗਵਾਨ ਨੇ ਕਿਹਾ ਕਿ ਚਿਸ਼ਤੀ ਨੂੰ ਉਸ ਦੀ ਖਾਦਿਮ ਮੁਹੱਲਾ ਵਿਚਲੀ ਰਿਹਾਇਸ਼ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਏਐੱਸਪੀ ਨੇ ਕਿਹਾ, ‘‘ਪਹਿਲੀ ਨਜ਼ਰੇ ਲੱਗਦਾ ਹੈ ਕਿ ਉਸ ਨੇ ਇਹ ਵੀਡੀਓ ਨਸ਼ੇ ਦੀ ਹਾਲਤ ਵਿੱਚ ਬਣਾਈ ਹੈ। ਉਸ ਤੋਂ ਪੁੱਛ-ਪੜਤਾਲ ਜਾਰੀ ਹੈ।’’ ਵੀਡੀਓ ਵਿੱਚ ਮੌਲਵੀ ਇਹ ਕਹਿੰਦਾ ਸੁਣਦਾ ਤੇ ਵਿਖਾਈ ਦਿੰਦਾ ਹੈ ਕਿ ਉਹ ਸ਼ਰਮਾ ਦਾ ਸਿਰ ਵੱਢ ਕੇ ਲਿਆਉਣ ਵਾਲੇ ਨੂੰ ਆਪਣਾ ਘਰ ਤੋਹਫੇ ਵਿੱਚ ਦੇਵੇਗਾ। ਚਿਸ਼ਤੀ ਕਥਿਤ ਇਹ ਕਹਿੰਦਾ ਵੀ ਸੁਣਦਾ ਹੈ ਕਿ ਉਹ ਪੈਗੰਬਰ ਦੇ ਨਿਰਾਦਰ ਲਈ ਗੋਲੀ ਮਾਰ ਕੇ ਉਸ ਦੀ ਹੱਤਿਆ ਕਰ ਦੇਵੇਗਾ। ਮੌਲਵੀ ਵੀਡੀਓ ਵਿੱਚ ਸੂਫ਼ੀ ਦਰਗਾਹ, ਜਿਸ ਵਿੱਚ ਕਈ ਹਿੰਦੂ ਵੀ ਮੱਥਾ ਟੇਕਣ ਆਉਂਦੇ ਹਨ, ਦੇ ਹਵਾਲੇ ਨਾਲ ਕਹਿੰਦਾ ਹੈ, ‘‘ਤੁਹਾਨੂੰ ਸਾਰੇ ਮੁਸਲਿਮ ਮੁਲਕਾਾਂ ਨੂੰ ਜਵਾਬ ਦੇਣਾ ਹੋਵੇਗਾ। ਮੈਂ ਅਜਮੇਰ, ਰਾਜਸਥਾਨ ਤੋਂ ਇਹ ਗੱਲ ਆਖ ਰਿਹਾ ਹਾਂ, ਤੇ ਇਹ ਹਜ਼ੂਰ ਖਵਾਜਾ ਬਾਬਾ ਕੇ ਦਰਬਾਰ ਦਾ ਸੁਨੇਹਾ ਹੈ।’’ ਇਸ ਤੋਂ ਪਹਿਲਾਂ 17 ਜੂਨ ਨੂੰ ਅਜਮੇਰ ਦਰਗਾਹ ਦੇ ਮੁੱਖ ਗੇਟ ’ਤੇ ਦਿੱਤੀ ਕਥਿਤ ਇਕ ਹੋਰ ਭੜਕਾਊ ਤਕਰੀਰ ਲਈ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਹਾਲਾਂਕਿ ਇਸ ਪੂਰੇ ਘਟਨਾਕ੍ਰਮ ਦੀ ਵੀਡੀਓ ਪਹਿਲਾਂ ਹੀ ਸੋਸ਼ਲ ਮੀਡੀਆ ’ਤੇ ਘੁੰਮ ਰਹੀ ਸੀ, ਪਰ ਗ੍ਰਿਫ਼ਤਾਰੀ…ਉਦੈਪੁਰ ਅਧਾਰਿਤ ਦਰਜੀ ਕਨ੍ਹੱਈਆ ਲਾਲ ਦੀ ਦੋ ਵਿਅਕਤੀਆਂ ਵੱਲੋਂ ਇਸਲਾਮ ਦੇ ਨਿਰਾਦਰ ਦਾ ਬਦਲਾ ਲੈਣ ਲਈ ਕੀਤੀ ਹੱਤਿਆ, ਮਗਰੋਂ ਕੀਤੀ ਗਈ ਸੀ। -ਪੀਟੀਆਈ