ਨਵੀਂ ਦਿੱਲੀ, 17 ਮਈ
ਪਤਨੀ ਨਾਲ ਉਸ ਦੀ ਸਹਿਮਤੀ ਤੋਂ ਬਿਨਾਂ ਸਬੰਧ ਬਣਾਉਣ (ਮੈਰੀਟਲ ਰੇਪ) ਦੇ ਮਾਮਲੇ ਨੂੰ ਅਪਰਾਧ ਦੀ ਸ਼੍ਰੇਣੀ ਵਿੱਚ ਸ਼ਾਮਲ ਕਰਨ ਦੇ ਮੁੱਦੇ ’ਤੇ ਦਿੱਲੀ ਹਾਈ ਕੋਰਟ ਦੇ ਟੁੱਟਵੇਂ ਫੈਸਲੇ ਖਿਲਾਫ਼ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਹੈ। ਜਸਟਿਸ ਰਾਜੀਵ ਸ਼ਕਧਰ ਤੇ ਜਸਟਿਸ ਸੀ.ਹਰੀਸ਼ੰਕਰ ਦੀ ਸ਼ਮੂਲੀਅਤ ਵਾਲੇ ਹਾਈ ਕੋਰਟ ਦੇ ਡਿਵੀਜ਼ਨ ਬੈਂਚ ਨੇ 11 ਮਈ ਨੂੰ ਟੁੱਟਵਾਂ ਫੈਸਲਾ ਦਿੱਤਾ ਸੀ। ਸੁਪਰੀਮ ਕੋਰਟ ’ਚ ਸੱਜਰੀ ਅਪੀਲ ਖ਼ੁਸ਼ਬੂ ਸੈਫ਼ੀ ਵੱਲੋਂ ਦਾਖ਼ਲ ਕੀਤੀ ਗਈ ਹੈ, ਜੋ ਹਾਈ ਕੋਰਟ ਵਿੱਚ ਅਪੀਲ ਦਾਖ਼ਲ ਕਰਨ ਵਾਲੇ ਪਟੀਸ਼ਨਰਾਂ ’ਚੋਂ ਇਕ ਹੈ। ਹਾਈ ਕੋਰਟ ਦੇ ਡਿਵੀਜ਼ਨ ਬੈਂਚ ਨੇ ਹਾਲਾਂਕਿ ਪਟੀਸ਼ਨਰਾਂ ਨੂੰ ਸਿਖਰਲੀ ਅਦਾਲਤ ਦਾ ਰੁਖ਼ ਕਰਨ ਦੀ ਖੁੱਲ੍ਹ ਦੇ ਦਿੱਤੀ ਸੀ। ਜਸਟਿਸ ਸ਼ਕਧਰ ਨੇ ਜਿੱਥੇ ਵਿਆਹੁਤਾ ਬਲਾਤਕਾਰ ਦੇ ਅਪਵਾਦ ਨੂੰ ਖ਼ਤਮ ਕਰਨ ਦੀ ਹਮਾਇਤ ਕੀਤੀ ਸੀ, ਉਥੇ ਜਸਟਿਸ ਹਰੀਸ਼ੰਕਰ ਨੇ ਕਿਹਾ ਸੀ ਕਿ ਇਹ ਅਪਵਾਦ ਗੈਰਸੰਵਿਧਾਨਕ ਨਹੀਂ ਹੈ। -ਪੀਟੀਆਈ