ਪੱਤਰ ਪ੍ਰੇਰਕ
ਨਵੀਂ ਦਿੱਲੀ, 4 ਜੁਲਾਈ
ਮਹਾਨ ਅਥਲੀਟ ਅਤੇ ਉੱਡਣੇ ਸਿੱਖ ਵਜੋਂ ਜਾਣੇ ਜਾਂਦੇ ਮਿਲਖਾ ਸਿੰਘ ਦੀ ਯਾਦ ਵਿੱਚ ਅੱਜ ਗਾਜ਼ੀਪੁਰ ਬਾਰਡਰ ’ਤੇ ਕਿਸਾਨਾਂ ਵੱਲੋਂ ਮੈਰਾਥਨ ਦੌੜ ਕਰਵਾਈ ਗਈ। ਮਿਲਖਾ ਸਿੰਘ ਯਾਦਗਾਰੀ ਦੌੜ ਮੁੱਖ ਸਟੇਜ ਤੋਂ ਸ਼ੁਰੂ ਹੋ ਕੇ ਅੰਦੋਲਨ ਵਾਲੀ ਜਗ੍ਹਾ ਦੇ ਗੇਟ ਨੰਬਰ ਇਕ ਵਾਲੀ ਸਟੇਜ ’ਤੇ ਖ਼ਤਮ ਹੋਈ। ਜੇਤੂਆਂ ਨੂੰ ਕਿਸਾਨ ਆਗੂਆਂ ਵੱਲੋਂ ਸਨਮਾਨਿਤ ਕੀਤਾ ਗਿਆ।
ਮੈਰਾਥਨ ’ਚ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਸਮੇਤ ਹੋਰ ਕਿਸਾਨਾਂ ਅਤੇ ਨੌਜਵਾਨਾਂ ਨੇ ਹਿੱਸਾ ਲਿਆ। ਜ਼ਿਕਰਯੋਗ ਹੈ ਕਿ ਮਿਲਖਾ ਸਿੰਘ ਦੀ ਕਰੋਨਾ ਕਰਕੇ ਪੀਜੀਆਈ ਚੰਡੀਗੜ੍ਹ ’ਚ ਮੌਤ ਹੋ ਗਈ ਸੀ। ਇਸ ਤੋਂ ਕੁਝ ਦਿਨ ਪਹਿਲਾਂ ਉਨ੍ਹਾਂ ਦੀ ਧਰਮ ਪਤਨੀ ਨੇ ਵੀ ਕਰੋਨਾ ਕਰਕੇ ਦਮ ਤੋੜ ਦਿੱਤਾ ਸੀ। ਗਾਜ਼ੀਪੁਰ ਬਾਰਡਰ ’ਤੇ ਸੰਯੁਕਤ ਕਿਸਾਨ ਮੋਰਚੇ ਦੇ ਬੁਲਾਰੇ ਜਗਤਾਰ ਸਿੰਘ ਬਾਜਵਾ ਨੇ ਕਿਹਾ ਕਿ ਕਿਸਾਨਾਂ ਨੇ ਮਿਲਖਾ ਸਿੰਘ ਦੀ ਯਾਦ ’ਚ ਕਰਵਾਈ ਗਈ ਮੈਰਾਥਨ ’ਚ ਪੂਰੇ ਜੋਸ਼ੋ-ਖਰੋਸ਼ ਨਾਲ ਹਿੱਸਾ ਲਿਆ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਮੋਰਚੇ ਦੀ ਬੈਠਕ ਵਿਚ ਇਹ ਫ਼ੈਸਲਾ ਲਿਆ ਗਿਆ ਕਿ ਭਲਕੇ ਸੋਮਵਾਰ ਨੂੰ ਵਾਲਮੀਕ ਭਾਈਚਾਰੇ ਦੇ ਲੋਕ ਗਾਜ਼ੀਪੁਰ ਕਿਸਾਨ ਅੰਦੋਲਨ ਦੇ ਸਟੇਜ ਸੰਚਾਲਨ ਦੀ ਪੂਰੀ ਜ਼ਿੰਮੇਵਾਰੀ ਸੰਭਾਲਣਗੇ।
ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਅੰਦੋਲਨ ਨੂੰ ਮਜ਼ਬੂਤੀ ਪ੍ਰਦਾਨ ਕਰਨ ਵਿਚ ਵਾਲਮੀਕ ਭਾਈਚਾਰੇ ਦੀ ਮਹੱਤਵਪੂਰਣ ਭੂਮਿਕਾ ਹੈ। ਕਿਸਾਨ ਆਗੂ ਨੇ ਕਿਹਾ ਕਿ ਭਾਜਪਾ ਸਰਕਾਰ ਵਾਲਮੀਕ ਭਾਈਚਾਰੇ ਨੂੰ ਗੁੰਮਰਾਹ ਕਰਕੇ ਅੰਦੋਲਨ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਰਚ ਰਹੀ ਹੈ ਜਿਸ ਨੂੰ ਹਰ ਪੱਧਰ ’ਤੇ ਨਾਕਾਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸਾਨ ਲਹਿਰ ਦਾ ਵਾਲਮੀਕ ਸਮਾਜ ਪ੍ਰਤੀ ਪੂਰਾ ਸਤਿਕਾਰ ਹੈ। ਜ਼ਿਕਰਯੋਗ ਹੈ ਕਿ ਕਿਸਾਨ ਅੰਦੋਲਨ ’ਚ ਵਿਘਨ ਪਾਉਣ ਅਤੇ ਇਸ ਨੂੰ ਬਦਨਾਮ ਕਰਨ ਲਈ ਪਿਛਲੇ ਸਮੇਂ ਦੌਰਾਨ ਭਾਜਪਾ ਸਰਕਾਰ ਨੇ ਕਈ ਸਾਜ਼ਿਸ਼ਾਂ ਘੜੀਆਂ ਸਨ।