ਟ੍ਰਿਬਿਊਨ ਨਿਊਜ਼ ਸਰਵਿਸ
ਰਾਏਪੁਰ, 6 ਅਪਰੈਲ
ਛੱਤੀਸਗੜ੍ਹ ਵਿਚ ਸ਼ਨਿਚਰਵਾਰ ਨੂੰ ਮਾਓਵਾਦੀਆਂ ਵੱਲੋਂ ਕੀਤੇ ਹਮਲੇ ਦੌਰਾਨ ਸਿੱਖ ਜਵਾਨ ਬਲਰਾਜ ਸਿੰਘ ਨੇ ਸਾਥੀ ਨੂੰ ਲੱਗੀ ਸੱਟ ’ਚੋਂ ਵਗਦਾ ਖ਼ੂਨ ਰੋਕਣ ਲਈ ਆਪਣੀ ਪੱਗੜੀ ਸਿਰੋਂ ਲਾਹ ਕੇ ਉਸ ਦੇ ਜ਼ਖ਼ਮ ਉਤੇ ਬੰਨ੍ਹ ਦਿੱਤੀ। ਬਾਅਦ ਵਿਚ ਬਲਰਾਜ ਨੂੰ ਵੀ ਗੋਲੀ ਲੱਗ ਗਈ। ਪਰ ਦੋਵਾਂ ਦੀ ਜਾਨ ਬਚ ਗਈ ਤੇ ਇਸ ਵੇਲੇ ਉਨ੍ਹਾਂ ਦਾ ਰਾਏਪੁਰ ਦੇ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ।
ਬਲਰਾਜ ਸੀਆਰਪੀਐਫ ਵਿਚ ‘ਕੋਬਰਾ’ ਕਮਾਂਡੋ ਹਨ। ਜਿਨ੍ਹਾਂ ਦੀ ਜਾਨ ਬਲਰਾਜ ਨੇ ਬਚਾਈ, ਉਹ ਸਬ ਇੰਸਪੈਕਟਰ ਅਭਿਸ਼ੇਕ ਪਾਂਡੇ, ਰਾਏਪੁਰ ਦੇ ਹਸਪਤਾਲ ਵਿਚ ਦਾਖ਼ਲ ਹਨ। ਸਿੱਖ ਜਵਾਨ ਦੇ ਪੇਟ ਕੋਲ ਗੋਲੀ ਲੱਗੀ ਹੈ। ਬਲਰਾਜ ਨੇ ਦੱਸਿਆ ‘ਮੁੱਢਲੀ ਸਹਾਇਤਾ ਦੇਣ ਵਾਲਾ ਉਨ੍ਹਾਂ ਦਾ ਜਵਾਨ ਵਿਸ਼ੇਸ਼ ਟਾਸਕ ਫੋਰਸ ਦੇ ਜਵਾਨਾਂ ਨੂੰ ਸੰਭਾਲ ਰਿਹਾ ਸੀ। ਇਸੇ ਦੌਰਾਨ ਸੀਆਰਪੀਐਫ ਦੇ ਸਬ-ਇੰਸਪੈਕਟਰ ਗ੍ਰਨੇਡ ਫਟਣ ਕਾਰਨ ਜ਼ਖ਼ਮੀ ਹੋ ਗਏ। ਉਨ੍ਹਾਂ ਦਾ ਕਾਫ਼ੀ ਖ਼ੂਨ ਵਗ਼ ਰਿਹਾ ਸੀ ਤੇ ਮੈਂ ਪੱਗੜੀ ਸਿਰੋਂ ਉਤਾਰ ਕੇ ਉਨ੍ਹਾਂ ਦੇ ਜ਼ਖ਼ਮ ਦੁਆਲੇ ਬੰਨ੍ਹ ਦਿੱਤੀ।’ ਜਵਾਨ ਨੇ ਦੱਸਿਆ ਕਿ ਸੁਰੱਖਿਆ ਬਲਾਂ ਤੇ ਮਾਓਵਾਦੀਆਂ ਵਿਚਾਲੇ ਮੁਕਾਬਲਾ ਕਰੀਬ ਪੰਜ ਘੰਟੇ ਚੱਲਿਆ। ਇਸ ਦੌਰਾਨ ਕਈ ਨਕਸਲੀ ਵੀ ਮਾਰੇ ਗਏ।
ਹਸਪਤਾਲ ਵਿਚ ਦਾਖ਼ਲ ਬਲਰਾਜ ਨੇ ਕਿਹਾ ਕਿ ‘ਮੇਰੇ ਮੁਤਾਬਕ ਕਰੀਬ 20 ਨਕਸਲੀ ਮਾਰੇ ਗਏ ਹੋਣਗੇ। ਅਸੀਂ ਕਈਆਂ ਦਾ ਪਿੱਛਾ ਵੀ ਕੀਤਾ। ਉਹ ਹਰ ਪਾਸਿਓਂ ਗੋਲੀਬਾਰੀ ਕਰ ਰਹੇ ਸਨ।’ ਸੀਆਰਪੀਐਫ ਦੇ ਸੈਕਿੰਡ-ਇਨ-ਕਮਾਂਡ ਸੰਦੀਪ ਦਿਵੇਦੀ ਨੇ ਦੱਸਿਆ ‘ਅਸੀਂ ਰਾਤ ਨੂੰ ਮਾਓਵਾਦੀਆਂ ਦੀ ਮੌਜੂਦਗੀ ਬਾਰੇ ਸੂਚਨਾ ਮਿਲਣ ’ਤੇ ਨਿਕਲੇ ਸੀ। ਅਸੀਂ ਸੁਵਖ਼ਤੇ ਪਹੁੰਚ ਗਏ। ਜਦ ਅਸੀਂ ਮੁੜ ਰਹੇ ਸੀ ਤਾਂ ਮੁਕਾਬਲਾ ਸ਼ੁਰੂ ਹੋ ਗਿਆ। ਮਾਓਵਾਦੀਆਂ ਨੂੰ ਸੁਰੱਖਿਆ ਬਲਾਂ ਦੇ ਇਲਾਕੇ ’ਚ ਹੋਣ ਬਾਰੇ ਜਾਣਕਾਰੀ ਸੀ। ਸਾਡੇ ਜਵਾਨ ਬਹਾਦਰੀ ਨਾਲ ਲੜੇ ਪਰ ਕਾਫ਼ੀ ਨੁਕਸਾਨ ਹੋਇਆ। ਮਾਓਵਾਦੀਆਂ ਦਾ ਵੀ ਕਾਫ਼ੀ ਨੁਕਸਾਨ ਹੋਇਆ ਹੈ।’