ਹੈਦਰਾਬਾਦ, 17 ਸਤੰਬਰ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਇੱਥੇ ਹੈਦਰਾਬਾਦ ਦੀ ਮੁਕਤੀ ਦਾ ਕ੍ਰੈਡਿਟ ਸਰਦਾਰ ਵੱਲਭਭਾਈ ਪਟੇਲ ਨੂੰ ਦਿੱਤਾ ਅਤੇ ਉਨ੍ਹਾਂ ਦੋਸ਼ ਲਗਾਇਆ ਕਿ ਵੋਟ ਬੈਂਕ ਦੀ ਰਾਜਨੀਤੀ ਕਰ ਕੇ ਕੁਝ ਲੋਕ ਮੁਕਤੀ ਦਿਵਸ ਮਨਾਉਣ ਤੋਂ ਮੁਕਰ ਗਏ। ਉਨ੍ਹਾਂ ਇੱਥੇ ਹੈਦਰਾਬਾਦ ਮੁਕਤੀ ਦਿਵਸ ਮੌਕੇ ਇਕ ਸਮਾਰੋਹ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਸਰਦਾਰ ਪਟੇਲ ਨਾ ਹੁੰਦੇ ਤਾਂ ਹੈਦਰਾਬਾਦ ਨੂੰ ਮੁਕਤ ਕਰਵਾਉਣ ਵਿੱਚ ਕਈ ਹੋਰ ਸਾਲ ਲੱਗ ਜਾਂਦੇ। ਉਨ੍ਹਾਂ ਕਿਹਾ ਕਿ ਪਟੇਲ ਜਾਣਦੇ ਸਨ ਕਿ ਜਦੋਂ ਤੱਕ ਨਿਜ਼ਾਮ ਦੇ ਰਜ਼ਾਕਾਰਾਂ ਨੂੰ ਨਹੀਂ ਹਰਾਇਆ ਜਾਂਦਾ, ਉਦੋਂ ਤੱਕ ਅਖੰਡ ਭਾਰਤ ਦਾ ਸੁਫਨਾ ਪੂਰਾ ਨਹੀਂ ਹੋਵੇਗਾ। ਇਸ ਪ੍ਰੋਗਰਾਮ ਵਿੱਚ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਸਣੇ ਕਈ ਆਗੂ ਸ਼ਾਮਲ ਹੋਏ। ਸ੍ਰੀ ਸ਼ਾਹ ਨੇ ਹੈਦਰਾਬਾਦ ਮੁਕਤੀ ਦਿਵਸ ਮਨਾਉਣ ਦੇ ਫੈਸਲੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ। -ਪੀਟੀਆਈ