ਨਵੀਂ ਦਿੱਲੀ: ਕੌਮੀ ਅਪਰਾਧ ਰਿਕਾਰਡਜ਼ ਬਿਊਰੋ ਦੀ ਰਿਪੋਰਟ ਮੁਤਾਬਕ ਆਈਪੀਸੀ ਦੀ ਧਾਰਾ 124ਏ ਤਹਿਤ ਦੇਸ਼ਧ੍ਰੋਹ ਦੇ ਕੁੱਲ 356 ਕੇਸ ਦਰਜ ਕੀਤੇ ਗਏ ਹਨ ਅਤੇ 2015 ਤੋਂ 2020 ਦੇ ਅਰਸੇ ਦੌਰਾਨ 548 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ ਹੁਣ ਤੱਕ ਸਿਰਫ਼ 6 ਜਣਿਆਂ ਨੂੰ ਹੀ ਸਜ਼ਾ ਹੋਈ ਹੈ। ਬੰਗਲੂਰੂ ਆਧਾਰਿਤ ਵਾਤਾਵਰਨ ਕਾਰਕੁਨ ਦਿਸ਼ਾ ਰਵੀ ਨੂੰ ਦਿੱਲੀ ਪੁਲੀਸ ਨੇ ਖੇਤੀ ਕਾਨੂੰਨਾਂ ਖਿਲਾਫ਼ ਕਿਸਾਨਾਂ ਵੱਲੋਂ ਵਿੱਢੇ ਅੰਦੋਲਨ ਬਾਰੇ ਕਥਿਤ ‘ਟੂਲਕਿੱਟ’ ਬਣਾਉਣ ਤੇ ਅੱਗੇ ਇਸ ਦਾ ਪ੍ਰਚਾਰ ਪਾਸਾਰ ਕਰਨ ਦੇ ਦੋਸ਼ ’ਚ 14 ਫਰਵਰੀ 2021 ਨੂੰ ਗ਼੍ਰਿਫ਼ਤਾਰ ਕੀਤਾ ਸੀ।
ਰਵੀ ਖਿਲਾਫ਼ ਆਇਦ ਧਾਰਾਵਾਂ ’ਚ 124ਏ ਵੀ ਸ਼ਾਮਲ ਸੀ। ਰਵੀ ਨੂੰ ਹਾਲਾਂਕਿ ਮਗਰੋਂ ਜ਼ਮਾਨਤ ਮਿਲ ਗਈ। ਸਾਲ 2016 ਵਿੱਚ ਜੇਐੱਨਯੂ ਵਿੱਚ ਰੱਖੇ ਸਮਾਗਮ ਲਈ ਯੂਨੀਵਰਸਿਟੀ ਦੀ ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਕਨੱਈਆ ਕੁਮਾਰ, ਉਮਰ ਖਾਲਿਦ ਤੇ ਅਨਿਰਬਨ ਭੱਟਾਚਾਰੀਆ ਸਣੇ ਹੋਰਨਾਂ ਯੂਨੀਅਨ ਆਗੂਆਂ ਖਿਲਾਫ਼ 124ਏ ਤੇ ਆਈਪੀਸੀ ਦੀਆਂ ਹੋਰਨਾਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ। ਉੱਘੇ ਪੱਤਰਕਾਰ ਮਰਹੂਮ ਵਿਨੋਦ ਦੂਆ ਨੂੰ ਸੋਸ਼ਲ ਮੀਡੀਆ ’ਤੇ ਆਪਣੇ ਵਿਚਾਰ ਜ਼ਾਹਿਰ ਕਰਨ ਲਈ ਇਸ ਬਸਤਵਾਦੀ ਕਾਨੂੰਨ ਦਾ ਸ਼ਿਕਾਰ ਹੋਣਾ ਪਿਆ ਸੀ। ਕੇਰਲਾ ਆਧਾਰਿਤ ਪੱਤਰਕਾਰ ਸਿੱਦਿਕੀ ਕੱਪਨ ਨੂੰ ਯੂਪੀ ਪੁਲੀਸ ਨੇ ਹਾਥਰਸ ਜਾਂਦਿਆਂ ਰਾਹ ਵਿੱਚ ਵੀ ਗ੍ਰਿਫ਼ਤਾਰ ਕਰ ਲਿਆ ਸੀ। ਯੂਪੀ ਦੀ ਵਿਸ਼ੇਸ਼ ਟਾਸਕ ਫੋਰਸ ਨੇ ਪਿਛਲੇ ਸਾਲ ਅਪਰੈਲ ਵਿੱਚ ਪਾਪੂਲਰ ਫਰੰਟ ਆਫ਼ ਇੰਡੀਆ ਨਾਲ ਸਬੰਧਤ ਅੱਠ ਲੋਕਾਂ, ਜਿਨ੍ਹਾਂ ਵਿੱਚ ਇਸ ਦੇ ਵਿਦਿਆਰਥੀ ਵਿੰਗ ਦਾ ਆਗੂ ਕੇ.ਏ.ਰੌਫ਼ ਸ਼ੈਰਿਫ਼ ਤੇ ਕੱਪਨ ਵੀ ਸ਼ਾਮਲ ਸਨ, ਖਿਲਾਫ਼ ਦੇਸ਼ਧ੍ਰੋਹ, ਅਪਰਾਧਿਕ ਸਾਜ਼ਿਸ਼, ਦਹਿਸ਼ਤੀ ਸਰਗਰਮੀਆਂ ਲਈ ਫੰਡਿੰਗ ਤੇ ਹੋਰਨਾਂ ਅਪਰਾਧਾਂ ਤਹਿਤ ਕੇਸ ਦਰਜ ਕੀਤਾ ਸੀ। ਵਕਾਰੀ ਬੁੱਕਰ ਪੁਰਸਕਾਰ ਜੇਤੂ ਲੇਖਕਾ ਤੇ ਕਾਰਕੁਨ ਅਰੁੰਧਤੀ ਰੌਏ ਖ਼ਿਲਾਫ਼ 2010 ਵਿੱਚ ਸੈਮੀਨਾਰ ਦੌਰਾਨ ਕਥਿਤ ‘ਭਾਰਤ ਵਿਰੋਧੀ’ ਤਕਰੀਰ ਲਈ ਦੇਸ਼ਧ੍ਰੋਹ ਕਾਨੂੰਨ ਤਹਿਤ ਕੇਸ ਦਰਜ ਹੋਇਆ ਸੀ। ਜੇਐੱਨਯੂ ਦੇ ਵਿਦਿਆਰਥੀ ਆਗੂ ਤੇ ਆਈਆਈਟੀ ਪਾਸ ਸ਼ਰਜੀਲ ਇਮਾਮ ਖਿਲਾਫ਼ ਨਾਗਰਿਕਤਾ ਸੋਧ ਐਕਟ ਤੇ ਨਾਗਰਿਕਾਂ ਬਾਰੇ ਕੌਮੀ ਰਜਿਸਟਰ ਖਿਲਾਫ਼ ਭੜਕਾਊ ਤਕਰੀਰਾਂ ਲਈ ਦੇੇਸ਼ਧ੍ਰੋਹ ਕਾਨੂੰਨ ਆਇਦ ਕੀਤਾ ਗਿਆ ਸੀ। ਉਹ 2020 ਤੋਂ ਨਿਆਂਇਕ ਹਿਰਾਸਤ ਵਿੱਚ ਹੈ। -ਪੀਟੀਆਈ