ਨਵੀਂ ਦਿੱਲੀ, 13 ਸਤੰਬਰ
ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਅੱਜ ਕਿਹਾ ਕਿ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਵੱਲੋਂ ਐਲਾਨੇ ਹਾਲੀਆ ਚੌਖਟੇ ਮਗਰੋਂ ਕਈ ਮੁਲਕਾਂ ਨੇ ਭਾਰਤ ਨਾਲ ਦੁਵੱਲਾ ਵਪਾਰ ‘ਰੁਪਏ’ ਵਿਚ ਕਰਨ ਦੀ ਦਿਲਚਸਪੀ ਵਿਖਾਈ ਹੈ। ਵਿੱਤ ਮੰਤਰੀ ਨੇ ਮਾਈਂਡਮਾਈਨ ਸਿਖਰ ਵਾਰਤਾ 2022 ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਸਰਕਾਰ ਵੱਲੋਂ ਕੀਤੇ ਗਏ ਉਪਰਾਲਿਆਂ ਦੇ ਨਾਲ ਪੂੰਜੀ ਖਾਤਾ ਬਦਲਾਅ ਦੀ ਦਿਸ਼ਾ ਵਿੱਚ ਚੁੱਕਿਆ ਕਦਮ ਹੈ। ਪੱਤਰਕਾਰਾਂ ਨੇ ਜਦੋਂ ਪੁੱਛਿਆ ਕਿ ਕੀ ਭਾਰਤ ਇਸ ਬਦਲਾਅ ਲਈ ਤਿਆਰ ਹੈ ਤਾਂ ਉਨ੍ਹਾਂ ਕਿਹਾ ਇਹ ਰੂਬਲ-ਰੁਪਏ ਦਾ ਸਰੂਪ ਨਹੀਂ ਹੈ, ਹੁਣ ਇਹ ਦੁਵੱਲੇ ਰੁਪਿਆ ਵਪਾਰ ਦਾ ਸਰੂਪ ਆਇਆ ਹੈ।
ਵਿੱਤ ਮੰਤਰੀ ਨੇ ਕਿਹਾ, ‘‘ਮੈਨੂੰ ਖ਼ੁਸ਼ੀ ਹੈ ਕਿ ਕੇਂਦਰੀ ਬੈਂਕ ਇਹ ਪੂੰਜੀ ਖਾਤਾ ਬਦਲਾਅ ਅਜਿਹੇ ਸਮੇਂ ਲਿਆਇਆ ਹੈ, ਜਦੋਂ ਇਹ ਬਹੁਤ ਅਹਿਮ ਹੈ।’’ ਕਈ ਮੁਲਕਾਂ ਵੱਲੋਂ ਰੁਪਏ ਵਿੱਚ ਵਪਾਰ ਕਰਨ ਦੀ ਵਿਖਾਈ ਦਿਲਚਸਪੀ ਦੇ ਹਵਾਲੇ ਨਾਲ ਉਨ੍ਹਾਂ ਕਿਹਾ, ‘‘ਇਹ ਇਕ ਤਰ੍ਹਾਂ ਨਾਲ ਭਾਰਤੀ ਅਰਥਚਾਰੇ ਬਾਰੇ ਸਾਡੀ ਉਮੀਦ ਤੋਂ ਵੱਧ ਬੋਲਣ ਵਾਂਗ ਹੈ। ਕੋਵਿਡ-19 ਮਹਾਮਾਰੀ ਤੋਂ ਬਾਅਦ ਭਾਰਤ ਹੋਰਨਾਂ ਨਾਲੋਂ ਕੁਝ ਵੱਖਰੇ ਉਪਾਅ ਲੈ ਕੇ ਆ ਰਿਹਾ ਹੈ…ਅਸੀਂ ਅੱਗੇ ਵਧ ਕੇ ਹੋਰਨਾਂ ਮੁਲਕਾਂ ਨਾਲ ਗੱਲ ਕਰ ਰਹੇ ਹਾਂ। ਉਂਜ ਵੀ ਅਸੀਂ ਸਰਹੱਦ ਪਾਰ ਲੈਣ-ਦੇੇਣ ਨੂੰ ਵਧੇਰੇ ਸਮਰੱਥ ਬਣਾਉਣ ਲਈ ਮੁਲਕਾਂ ਦਰਮਿਆਲ ਡਿਜੀਟਲ ਮੰਚ ਨੂੰ ਅੰਤਰ-ਸੰਚਾਲਿਤ ਬਣਾਉਣ ਦੇ ਇੱਛੁਕ ਹਾਂ।’’ ਕਾਬਿਲੇਗੌਰ ਹੈ ਕਿ ਆਰਬੀਆਈ ਨੇ ਇਸ ਸਾਲ ਜੁਲਾਈ ਵਿੱਚ ਤਫ਼ਸੀਲੀ ਸਰਕੁਲਰ ਜਾਰੀ ਕਰਕੇ ਬੈਂਕਾਂ ਨੂੰ ਕਿਹਾ ਸੀ ਕਿ ਉਹ ਘਰੇਲੂ ਕਰੰਸੀ ਵਿੱਚ ਆਲਮੀ ਕਾਰੋਬਾਰੀ ਭਾਈਚਾਰੇ ਦੀ ਵਧਦੀ ਦਿਲਚਸਪੀ ਨੂੰ ਵੇਖਦੇ ਹੋਏ ਦਰਾਮਦ ਤੇ ਬਰਾਮਦ ਦੇ ਰੁਪਏ ਵਿੱਚ ਹੋਣ ਵਾਲੇ ਲੈਣ-ਦੇਣ ਲਈ ਵਾਧੂ ਪ੍ਰਬੰਧ ਕਰਕੇ ਰੱਖਣ। ਉਨ੍ਹਾਂ ਕਿਹਾ ਕਿ ਆਰਬੀਆਈ ਵੱਲੋਂ ਸਰਹੱਦ ਪਾਰ ਵਪਾਰਕ ਲੈਣ-ਦੇਣ ਰੁਪਏ ਵਿੱਚ ਕਰਨ ਦੀ ਦਿੱਤੀ ਖੁੱਲ੍ਹ ਸਮੇਂ ਸਿਰ ਲਿਆ ਫੈਸਲਾ ਤੇ ਕਰੰਸੀ ਦੇ ਕੌਮਾਂਤਰੀਕਰਨ ਵੱਲ ਚੁੱਕਿਆ ਕਦਮ ਹੈ। ਮਾਸਕੋ ਵੱਲੋਂ ਯੂਕਰੇਨ ’ਤੇ ਕੀਤੇ ਹਮਲੇ ਮਗਰੋਂ ਅਮਰੀਕਾ ਤੇ ਯੂਰਪੀ ਮੁਲਕਾਂ ਵੱਲੋਂ ਲਾਈਆਂ ਪਾਬੰਦੀਆਂ ਕਰਕੇ ਭਾਰਤ ਤੇ ਰੂਸ ਵਿਚਾਲੇ ਦੁਵੱਲੇ ਵਪਾਰ ਦਾ ਲੈਣ-ਦੇਣ ਰੁਪਏ ਵਿੱਚ ਹੀ ਹੁੰਦਾ ਹੈ। -ਪੀਟੀਆਈ