ਨਵੀਂ ਦਿੱਲੀ, 2 ਦਸੰਬਰ
ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਮੈਡੀਕਲ ਆਧਾਰ ’ਤੇ ਸੰਸਦ ਦੇ ਪੂਰੇ ਸਰਦ ਰੁੱਤ ਇਜਲਾਸ ਤੋਂ ਗ਼ੈਰਹਾਜ਼ਰ ਰਹਿਣਗੇ। ਰਾਜ ਸਭਾ ਚੇਅਰਮੈਨ ਐੱਮ ਵੈਂਕਈਆ ਨਾਇਡੂ ਨੇ ਅੱਜ ਸਦਨ ’ਚ ਇਸ ਦੀ ਜਾਣਕਾਰੀ ਦਿੱਤੀ। ਸ੍ਰੀ ਨਾਇਡੂ ਨੇ ਦੱਸਿਆ ਕਿ ਉਨ੍ਹਾਂ ਨੂੰ ਸਦਨ ਦੇ ਮੈਂਬਰ ਡਾਕਟਰ ਮਨਮੋਹਨ ਸਿੰਘ ਤੋਂ ਪੱਤਰ ਮਿਲਿਆ ਹੈ ਕਿ ਉਹ ਰਾਜ ਸਭਾ ਦੇ ਮੌਜੂਦਾ 255ਵੇਂ ਇਜਲਾਸ ’ਚ 29 ਨਵੰਬਰ ਤੋਂ 23 ਦਸੰਬਰ ਤੱਕ ਹਾਜ਼ਰੀ ਨਹੀਂ ਭਰ ਸਕਣਗੇ। ਉਨ੍ਹਾਂ ਮਨਮੋਹਨ ਸਿੰਘ ਨੂੰ ਸਿਖਰਲੇ ਸਦਨ ’ਚੋਂ ਗ਼ੈਰਹਾਜ਼ਰ ਰਹਿਣ ਦੀ ਇਜਾਜ਼ਤ ਦੇਣ ਸਬੰਧੀ ਸਵਾਲ ਕੀਤਾ ਤਾਂ ਮੈਂਬਰਾਂ ਨੇ ਹਾਮੀ ਭਰ ਦਿੱਤੀ। ਇਸ ਤੋਂ ਬਾਅਦ ਸ੍ਰੀ ਨਾਇਡੂ ਨੇ ਮਨਮੋਹਨ ਸਿੰਘ ਨੂੰ ਸਦਨ ’ਚੋਂ ਗ਼ੈਰਹਾਜ਼ਰ ਰਹਿਣ ਦੀ ਇਜਾਜ਼ਤ ਦੇ ਦਿੱਤੀ। ਇਹ ਸਦਨ ਦੀ ਰਵਾਇਤ ਹੈ ਕਿ ਜੇਕਰ ਕੋਈ ਮੈਂਬਰ ਕਾਰਵਾਈ ’ਚੋਂ ਛੁੱਟੀ ਮੰਗਦਾ ਹੈ ਤਾਂ ਇਸ ਦੀ ਮਨਜ਼ੂਰੀ ਲੈਣੀ ਪੈਂਦੀ ਹੈ। ਜ਼ਿਕਰਯੋਗ ਹੈ ਕਿ 89 ਸਾਲ ਦੇ ਕਾਂਗਰਸ ਆਗੂ ਅਤੇ ਸਾਬਕਾ ਪ੍ਰਧਾਨ ਮੰਤਰੀ ਨੇ 13 ਅਕਤੂਬਰ ਨੂੰ ਬੁਖਾਰ ਮਗਰੋਂ ਕਮਜ਼ੋਰੀ ਕਰਕੇ ਏਮਸ ’ਚ ਦਾਖ਼ਲ ਕਰਵਾਇਆ ਗਿਆ ਸੀ ਜਿਥੋਂ ਉਨ੍ਹਾਂ ਨੂੰ 31 ਅਕਤੂਬਰ ਨੂੰ ਛੁੱਟੀ ਮਿਲੀ ਸੀ। -ਪੀਟੀਆਈ