ਨਵੀਂ ਦਿੱਲੀ, 2 ਸਤੰਬਰ
ਬਿਹਾਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਜੀਤਨ ਰਾਮ ਮਾਂਝੀ ਦੀ ਨੈਸ਼ਨਲ ਡੈਮੋਕ੍ਰੈਟਿਕ ਅਲਾਇੰਸ (ਐੱਨਡੀਏ) ’ਚ ਸੰਭਾਵਿਤ ਸ਼ਮੂਲੀਅਤ ਨੇ ਐੱਨਡੀਏ ਦੀ ਇੱਕ ਹੋਰ ਧਿਰ ਲੋਕ ਜਨਸ਼ਕਤੀ ਪਾਰਟੀ (ਐੱਲਜੇਪੀ)’ਚ ਬੇਚੈਨੀ ਵਧਾ ਦਿੱਤੀ ਹੈ, ਜਿਸ ਨੇ ਅਗਲੇ ਹਫ਼ਤੇ ਆਪਣੇ ਸੂਬਾਈ ਸੰਸਦੀ ਬੋਰਡ ਦੀ ਮੀਟਿੰਗ ਸੱਦੀ ਹੈ।
ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਅਗਵਾਈ ਵਾਲੇ ਜਨਤਾ ਦਲ (ਯੂਨਾਈਟਿਡ) ਨਾਲ ਸਬੰਧ ਹੋਰ ਵਿਗੜਨ ਦਾ ਸੰਕੇਤ ਦਿੰਦਿਆਂ ਐੱਲਜੇਪੀ ਦੇ ਸੂਤਰਾਂ ਨੇ ਦੱਸਿਆ ਕਿ 7 ਸਤੰਬਰ ਨੂੰ ਹੋਣ ਵਾਲੀ ਬੋਰਡ ਮੈਂਬਰਾਂ ਦੀ ਮੀਟਿੰਗ ਵਿੱਚ ਜਨਤਾ ਦਲ (ਯੂ) ਖ਼ਿਲਾਫ਼ ਉਮੀਦਵਾਰ ਖੜ੍ਹੇ ਕਰਨ ਬਾਰੇ ਮੁੱਖ ਮੁੱਦੇ ’ਤੇ ਗੱਲਬਾਤ ਹੋਵੇਗੀ।
ਐੱਲਜੇਪੀ ਦੇ ਇੱਕ ਨੇਤਾ ਨੇ ਦੱਸਿਆ, ‘ਅਸੀਂ ਨਿਸ਼ਚਿਤ ਤੌਰ ’ਤੇ ਉੱਥੇ ਆਪਣੇ ਉਮੀਦਵਾਰ ਖੜ੍ਹੇ ਕਰਨ ਬਾਰੇ ਵਿਚਾਰ ਕਰਾਂਗੇ ਜਿਹੜੀਆਂ ਸੀਟਾਂ ’ਤੇ ਜੇਡੀ(ਯੂ)
ਪਾਰਟੀ ਚੋਣ ਲੜੇਗੀ।’ ਐੱਲਜੇਪੀ ਦੇ ਮੁਖੀ ਚਿਰਾਗ ਪਾਸਵਾਨ ਨੇ ਇਸ ਮੁੱਦੇ ’ਤੇ ਕੋਈ ਪ੍ਰਤੀਕ੍ਰਮ ਦੇਣ ਤੋਂ ਨਾਂਹ ਕਰ ਦਿੱਤੀ ਪਰ ਉਨ੍ਹਾਂ ਕਿਹਾ ਕਿ ਪਾਰਟੀ ਇੱਕ ਢੁੱਕਵੇਂ ਸਮੇਂ ’ਤੇ ਆਪਣਾ ਫ਼ੈਸਲਾ ਲਵੇਗੀ।’ ਉਨ੍ਹਾਂ ਕਿਹਾ, ‘ਮੈਂ ਆਪਣੀ ਪਾਰਟੀ ਨੂੰ ਚੋਣਾਂ ਲਈ ਤਿਆਰ ਕਰਨ ’ਤੇ ਧਿਆਨ ਕੇਂਦਰਿਤ ਕੀਤਾ ਹੈ। ਪਾਰਟੀ ਦੇ ਹਿੱਤ ’ਚ ਜੋ ਵੀ ਫ਼ੈਸਲੇ ਲੈਣੇ ਹਨ ਉਹ ਢੁੱਕਵੇਂ ਸਮੇਂ ’ਤੇ ਲਏ ਜਾਣਗੇ।’ -ਪੀਟੀਆਈ