ਇੰਫਾਲ, 1 ਜੁਲਾਈ
ਮਨੀਪੁਰ ਦੇ ਨੋਨੀ ਜ਼ਿਲ੍ਹੇ ’ਚ ਅੱਜ ਤੜਕੇ ਮਲਬੇ ’ਚੋਂ ਦੋ ਹੋਰ ਲਾਸ਼ਾਂ ਬਰਾਮਦ ਹੋਣ ਮਗਰੋਂ ਰੇਲਵੇ ਉਸਾਰੀ ਵਾਲੀ ਥਾਂ ’ਤੇ ਢਿੱਗਾਂ ਡਿੱਗਣ ਕਾਰਨ ਹੋਈਆਂ ਮੌਤਾਂ ਦੀ ਗਿਣਤੀ ਵਧ ਕੇ 10 ਹੋ ਗਈ। ਟੁਪੁਲ ਯਾਰਡ ਰੇਲਵੇ ਉਸਾਰੀ ਕੈਂਪ ’ਤੇ ਬੁੱਧਵਾਰ ਰਾਤ ਨੂੰ ਇਹ ਹਾਦਸਾ ਵਾਪਰਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਭਾਰਤੀ ਫ਼ੌਜ, ਅਸਾਮ ਰਾਈਫਲਜ਼, ਟੈਰੀਟੋਰੀਅਲ ਆਰਮੀ, ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ ਅਤੇ ਐਸਡੀਆਰਐਫ ਵੱਲੋਂ ਤਲਾਸ਼ੀ ਮੁਹਿੰਮ ਜਾਰੀ ਹੈ। ਹਾਲੇ ਵੀ 55 ਵਿਅਕਤੀ ਲਾਪਤਾ ਹਨ। ਵੀਰਵਾਰ ਤੱਕ ਘਟਨਾ ਸਥਾਨ ਤੋਂ ਟੈਰੀਟੋਰੀਅਲ ਫ਼ੌਜ ਦੇ ਸੱਤ ਜਵਾਨਾਂ ਸਮੇਤ ਅੱਠ ਜਣਿਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਸਨ। ਪੂਰਬੀ ਕਮਾਂਡ ਦੇ ਜੀਓਸੀ ਲੈਫਟੀਨੈਂਟ ਜਨਰਲ ਆਰ.ਪੀ. ਕਾਲਿਤਾ ਨੇ ਅੱਜ ਜ਼ਖ਼ਮੀ ਜਵਾਨਾਂ ਨਾਲ ਮੁਲਾਕਾਤ ਕੀਤੀ। ਪਹਿਲਾਂ ਜ਼ਖ਼ਮੀਆਂ ਨੂੰ ਲਿਏਮਾਕੌਂਗ ਮਿਲਟਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਪਰ ਹੁਣ ਮੰਤਰੀਪੁਖਰੀ ਦੇ ਅਸਾਮ ਰਾਈਫਲਜ਼ ਹਸਪਤਾਲ ਵਿੱਚ ਇਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਮੁੱਖ ਮੰਤਰੀ ਐਨ. ਬਿਰੇਨ ਸਿੰਘ ਨੇ ਮ੍ਰਿਤਕਾਂ ਦੇ ਪਰਿਵਾਰਾਂ ਲਈ ਪੰਜ-ਪੰਜ ਲੱਖ ਰੁਪਏ ਅਤੇ ਜ਼ਖ਼ਮੀਆਂ ਲਈ 50-50 ਹਜ਼ਾਰ ਰੁਪਏ ਐਕਸਗਰੇਸ਼ੀਆ ਗ੍ਰਾਂਟ ਦੇਣ ਦਾ ਐਲਾਨ ਕੀਤਾ ਹੈ। ਮਨੀਪੁਰ ਦੇ ਰਾਜਪਾਲ ਐੱਲ. ਗਣੇਸ਼ਨ ਨੇ ਇਸ ਘਟਨਾ ’ਤੇ ਦੁੱਖ ਪ੍ਰਗਟਾਇਆ ਹੈ। -ਪੀਟੀਆਈ
ਅਸਾਮ ਵਿੱਚ ਹੜ੍ਹਾਂ ਦੀ ਸਥਿਤੀ ਗੰਭੀਰ, ਅੱਠ ਹੋਰ ਮੌਤਾਂ
ਗੁਹਾਟੀ: ਅਸਾਮ ਵਿਚ ਹੜ੍ਹਾਂ ਦੀ ਸਥਿਤੀ ਗੰਭੀਰ ਬਣੀ ਹੋਈ ਹੈ। ਹੜ੍ਹਾਂ ਕਾਰਨ ਪਿਛਲੇ 24 ਘੰਟਿਆਂ ਵਿਚ 8 ਹੋਰ ਲੋਕਾਂ ਦੀ ਮੌਤ ਹੋ ਗਈ ਹੈ ਤੇ 29 ਲੱਖ ਤੋਂ ਵੱਧ ਲੋਕ ਇਨ੍ਹਾਂ ਦੀ ਮਾਰ ਹੇਠ ਆਏ ਹਨ। ਕਚਾਰ ਜ਼ਿਲ੍ਹੇ ਦੇ ਜ਼ਿਆਦਾਤਰ ਹਿੱਸੇ ਤੇ ਸਿਲਚਰ ਖੇਤਰ ਵਿਚ ਹਾਲੇ ਵੀ ਪਾਣੀ ਜਮ੍ਹਾਂ ਹੈ। ਅਸਾਮ ਦੀ ਆਫ਼ਤ ਪ੍ਰਬੰਧਨ ਅਥਾਰਿਟੀ ਨੇ ਦੱਸਿਆ ਕਿ ਇਸ ਸਾਲ ਹੜ੍ਹਾਂ ਤੇ ਜ਼ਮੀਨ ਖ਼ਿਸਕਣ ਦੀਆਂ ਘਟਨਾਵਾਂ ਵਿਚ 159 ਲੋਕ ਮਾਰੇ ਗਏ ਹਨ। ਜਦਕਿ ਇਕ ਵਿਅਕਤੀ ਲਾਪਤਾ ਹੈ। ਕੇਂਦਰੀ ਗ੍ਰਹਿ ਮੰਤਰਾਲੇ ਦੀ ਇਕ ਟੀਮ ਇਸ ਵੇਲੇ ਰਾਜ ਵਿਚ ਹੈ ਤੇ ਇਸ ਵੱਲੋਂ ਹੜ੍ਹਾਂ ਦੀ ਮਾਰ ਹੇਠ ਆਏ ਕਈ ਇਲਾਕਿਆਂ ਦਾ ਦੌਰਾ ਕੀਤਾ ਜਾਵੇਗਾ। ਟੀਮ ਨੂੰ ਦੋ ਗਰੁੱਪਾਂ ਵਿਚ ਵੰਡਿਆ ਗਿਆ ਹੈ। ਇਕ ਟੀਮ ਕਚਾਰ, ਹੇਲਾਕਾਂਡੀ ਤੇ ਕਰੀਮਗੰਜ ਜਾਵੇਗੀ ਜਦਕਿ ਦੂਜੀ ਟੀਮ ਨਲਬਾੜੀ, ਬਾਲਾਜੀ, ਕਾਮਰੂਪ ਤੇ ਮੋਰੀਗਾਓਂ ਇਲਾਕੇ ਦਾ ਦੌਰਾ ਕਰੇਗੀ। ਟੀਮ ਵੱਲੋਂ ਹੜ੍ਹਾਂ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਜਾਵੇਗਾ। ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਕਰੀਮਗੰਜ ਜਾ ਕੇ ਹਾਲਾਤ ਦਾ ਜਾਇਜ਼ਾ ਲਿਆ ਹੈ। -ਪੀਟੀਆਈ