ਮੁੱਖ ਅੰਸ਼
- ਢਿੱਗਾਂ ਡਿੱਗਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 42 ਹੋਈ
- 20 ਵਿਅਕਤੀ ਅਜੇ ਵੀ ਲਾਪਤਾ
ਗੁਹਾਟੀ/ਇੰਫਾਲ, 3 ਜੁਲਾਈ
ਮਨੀਪੁਰ ਦੇ ਨੋਨੀ ਜ਼ਿਲ੍ਹੇ ’ਚ ਰੇਲਵੇ ਦੀ ਉਸਾਰੀ ਵਾਲੀ ਥਾਂ ’ਤੇ ਢਿੱਗਾਂ ਡਿੱਗਣ ਕਾਰਨ ਮੌਤਾਂ ਦੀ ਗਿਣਤੀ ਵਧ ਕੇ 42 ਹੋ ਗਈ ਹੈ। ਟੁਪੁਲ ਇਲਾਕੇ ’ਚ ਸ਼ਨਿਚਰਵਾਰ ਨੂੰ ਮੋਹਲੇਧਾਰ ਮੀਂਹ ਪੈਣ ਅਤੇ ਹੋਰ ਢਿੱਗਾਂ ਡਿੱਗਣ ਕਾਰਨ ਰਾਹਤ ਕਾਰਜਾਂ ’ਚ ਅੜਿੱਕਾ ਪੈ ਗਿਆ ਹੈ। ਅਧਿਕਾਰੀਆਂ ਮੁਤਾਬਕ ਅਜੇ ਵੀ 20 ਹੋਰ ਵਿਅਕਤੀ ਲਾਪਤਾ ਹਨ। ਮਲਬੇ ’ਚੋਂ ਹੁਣ ਤੱਕ 42 ਲਾਸ਼ਾਂ ਮਿਲ ਚੁੱਕੀਆਂ ਹਨ। ਇਨ੍ਹਾਂ ’ਚੋਂ 24 ਲਾਸ਼ਾਂ ਪ੍ਰਦੇਸ਼ਿਕ ਸੈਨਾ ਦੇ ਜਵਾਨਾਂ ਦੀਆਂ ਹਨ। ਗੁਹਾਟੀ ’ਚ ਰੱਖਿਆ ਤਰਜਮਾਨ ਨੇ ਕਿਹਾ ਕਿ ਪ੍ਰਦੇਸ਼ਿਕ ਸੈਨਾ ਦੇ ਲਾਪਤਾ ਜਵਾਨਾਂ ਅਤੇ ਹੋਰ ਨਾਗਰਿਕਾਂ ਦੀ ਭਾਲ ਜਾਰੀ ਹੈ। ਹੁਣ ਤੱਕ ਪ੍ਰਦੇਸ਼ਿਕ ਸੈਨਾ ਦੇ 13 ਜਵਾਨਾਂ ਅਤੇ ਪੰਜ ਆਮ ਨਾਗਰਿਕਾਂ ਨੂੰ ਸੁਰੱਖਿਅਤ ਬਚਾਇਆ ਜਾ ਚੁੱਕਿਆ ਹੈ। ਥਲ ਸੈਨਾ, ਅਸਾਮ ਰਾਈਫਲਜ਼, ਪ੍ਰਦੇਸ਼ਿਕ ਸੈਨਾ, ਐੱਸਡੀਆਰਐੱਫ ਅਤੇ ਕੌਮੀ ਆਫ਼ਤ ਪ੍ਰਬੰਧਨ ਬਲ ਵੱਲੋਂ ਰਾਹਤ ਅਤੇ ਬਚਾਅ ਕਾਰਜ ਚਲਾਏ ਜਾ ਰਹੇ ਹਨ। ਮਲਬੇ ਹੇਠਾਂ ਦੱਬੇ ਲੋਕਾਂ ਦਾ ਪਤਾ ਲਾਉਣ ਲਈ ਦੀਵਾਰ ਦੇ ਆਰ-ਪਾਰ ਦੇਖਣ ਦੀ ਸਮਰੱਥਾ ਵਾਲੀ ਰਾਡਾਰ ਤਕਨਾਲੋਜੀ ਦੀ ਵਰਤੋਂ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਖੋਜੀ ਕੁੱਤੇ ਵੀ ਆਪਣਾ ਯੋਗਦਾਨ ਦੇ ਰਹੇ ਹਨ।
ਇਸ ਹਾਦਸੇ ਵਿੱਚ ਮੋਰੀਗਾਓਂ ਜ਼ਿਲ੍ਹੇ ਦੇ ਜਿਨ੍ਹਾਂ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਸੀ, ਉਨ੍ਹਾਂ ਦਾ ਅੱਜ ਲਾਹੋਰੀਘਾਟ ਇਲਾਕੇ ਵਿੱਚ ਵਿੱਚ ਸਸਕਾਰ ਕਰ ਦਿੱਤਾ ਗਿਆ। ਸਸਕਾਰ ਤੋਂ ਪਹਿਲਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। -ਪੀਟੀਆਈ