ਇੰਫਾਲ, 28 ਫਰਵਰੀ
ਮਨੀਪੁਰ ਅਸੈਂਬਲੀ ਚੋਣਾਂ ਦੇ ਪਹਿਲੇ ਗੇੜ ਤਹਿਤ ਅੱਜ 38 ਸੀਟਾਂ ਲਈ ਵੋਟਿੰਗ ਦਾ ਅਮਲ ਸ਼ੁਰੂ ਹੋ ਗਿਆ। ਸ਼ਾਮ 5 ਵਜੇ ਤੱਕ 78.03 ਫੀਸਦ ਪੋਲ ਹੋਈ ਹੈ ਤੇ 12.09 ਲੱਖ ਵੋਟਰਾਂ ਨੇ ਆਪਣੇ ਜਮਹੂਰੀ ਹੱਕ ਦਾ ਇਸਤੇਮਾਲ ਕੀਤਾ। ਪੰਜ ਜ਼ਿਲ੍ਹਿਆਂ ਵਿਚ ਪੈਂਦੇ ਇਨ੍ਹਾਂ 38 ਹਲਕਿਆਂ ਲਈ 1721 ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਕੁੱਲ 173 ਉਮੀਦਵਾਰ ਚੋਣ ਮੈਦਾਨ ਵਿੱਚ ਹਨ, ਜਿਨ੍ਹਾਂ ਵਿੱਚ 15 ਮਹਿਲਾਵਾਂ ਹਨ। ਸਭ ਤੋਂ ਵੱਧ 82.97 ਫੀਸਦ ਪੋਲਿੰਗ ਕਾਂਗਪੋਕਪੀ ਜ਼ਿਲ੍ਹੇ ਤੇ ਸਭ ਤੋਂ ਘੱਟ 73.44 ਫੀਸਦ ਬਿਸ਼ਨੂਪੁਰ ਜ਼ਿਲ੍ਹੇ ਤੋਂ ਰਿਪੋਰਟ ਹੋਈ ਹੈ। ਇਸ ਦੌਰਾਨ ਚੁਰਾਚੰਦਰਪੁਰ ਜ਼ਿਲ੍ਹੇ ਦੇ ਤਿਪਾਈਮੁਖ ਅਸੈਂਬਲੀ ਹਲਕੇ ਵਿੱਚ ਚੋਣ ਡਿਊਟੀ ’ਤੇ ਤਾਇਨਾਤ ਮਨੀਪੁਰ ਪੁਲੀਸ ਦੇ ਮੁਲਾਜ਼ਮ ਦੀ ਆਪਣੀ ਹੀ ਸਰਵਿਸ ਰਾਈਫਲ ਤੋਂ ‘ਗ਼ਲਤੀ ਨਾਲ ਗੋਲੀ ਚੱਲਣ’ ਕਰਕੇ ਮੌਤ ਹੋ ਗਈ। ਮੁੱਖ ਚੋਣ ਅਧਿਕਾਰੀ ਰਾਜੇੇਸ਼ ਅਗਰਵਾਲ ਨੇ ਇਸ ਘਟਨਾਕ੍ਰਮ ਦੀ ਪੁਸ਼ਟੀ ਕੀਤੀ ਹੈ।ਮਨੀਪੁਰ ਅਸੈਂਬਲੀ ’ਚ ਕੁੱਲ 60 ਸੀਟਾਂ ਹਨ ਤੇ ਦੂਜੇ ਗੇੜ ਵਿੱਚ 22 ਸੀਟਾਂ ਲਈ ਵੋਟਾਂ ਪੈਣਗੀਆਂ। ਵੋਟਿੰਗ ਦੌਰਾਨ ਕੋਵਿਡ ਨੇਮਾਂ ਦੀ ਪਾਲਣਾ ਦੇ ਨਾਲ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।
ਰਾਜਪਾਲ ਲਾ ਗਨੇਸ਼ਣ ਤੇ ਮੁੱਖ ਮੰਤਰੀ ਐੱਨ.ਬਿਰੇਨ ਸਿੰਘ ਨੇ ਕ੍ਰਮਵਾਰ ਸਾਗੋਲਬੰਦ ਤੇ ਹੀਨਗਾਂਗ ਹਲਕਿਆਂ ਵਿੱਚ ਵੋਟ ਪਾਈ। ਉਨ੍ਹਾਂ ਵੋਟਰਾਂ ਨੂੰ ਆਪਣੇ ਜਮਹੂਰੀ ਹੱਕ ਦਾ ਇਸਤੇਮਾਲ ਕਰਨ ਤੇ ਸ਼ਾਂਤੀ ਬਣਾ ਕੇ ਰੱਖਣ ਦੀ ਅਪੀਲ ਕੀਤੀ, ਹਾਲਾਂਕਿ ਰਾਜ ਦੇ ਵੱਖ ਵੱਖ ਹਿੱਸਿਆਂ ਤੋਂ ਚੋਣ ਹਿੰਸਾ ਦੀਆਂ ਰਿਪੋਰਟਾਂ ਹਨ। ਚੁਰਾਚਾਂਦਪੁਰ ਜ਼ਿਲ੍ਹੇ ਵਿੱਚ ਦੋ ਧਿਰਾਂ ’ਚ ਹੋਈ ਝੜਪ ਦੌਰਾਨ ਇਕ ਵਿਅਕਤੀ ਜ਼ਖ਼ਮੀ ਹੋ ਗਿਆ। ਇਸ ਦੌਰਾਨ ਇਕ ਈਵੀਐੱਮ ਨੁਕਸਾਨੀ ਗਈ, ਜਿਸ ਨੂੰ ਤਬਦੀਲ ਕੀਤਾ ਗਿਆ। ਇੰਫਾਲ ਦੇ ਪੱਛਮੀ ਜ਼ਿਲ੍ਹੇ ਲਾਂਗਥਾਬਲ ਵਿੱਚ ਕਾਂਗਰਸੀ ਵਰਕਰਾਂ ਨੇ ਕਥਿਤ ਭਾਜਪਾ ਦੇ ਚੋਣ ਬੂਥ ਦੀ ਭੰਨਤੋੜ ਕੀਤੀ। ਸਵੇਰੇ ਸੱਤ ਵਜੇ ਸ਼ੁਰੂ ਹੋਈ ਵੋਟਿੰਗ ਸ਼ਾਮ 4 ਵਜੇ ਤੱਕ ਜਾਰੀ ਰਹੇਗੀ। -ਪੀਟੀਆਈ