ਇੰਫਾਲ, 20 ਜਨਵਰੀ
ਚੋਣਾਂ ਵਾਲੇ ਸੂਬੇ ਮਨੀਪੁਰ ਦੇ ਇੰਫਾਲ ਪੂਰਬੀ ਜ਼ਿਲ੍ਹੇ ਵਿੱਚ ਨੈਸ਼ਨਲ ਪੀਪਲਜ਼ ਪਾਰਟੀ (ਐੱਨਪੀਪੀ) ਦੇ ਇੱਕ ਸਮਰਥਕ ਦੇ ਘਰ ’ਤੇ ਹੱਥਗੋਲਾ ਸੁੱਟੇ ਜਾਣ ਕਾਰਨ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ। ਪੁਲੀਸ ਨੇ ਅੱਜ ਦੱਸਿਆ ਕਿ ਇਹ ਘਟਨਾ ਬੁੱਧਵਾਰ ਦੇਰ ਰਾਤ ਨੂੰ ਅਰਾਪਤੀ ਅਵਾਂਗ ਲੇਈਕਾਈ ਇਲਾਕੇ ਵਿੱਚ ਕੇ. ਲੋਕਨ ਦੇ ਘਰ ਵਾਪਰੀ। ਕੇਈਰਾਓ ਵਿਧਾਨ ਸਭਾ ਵਿੱਚ ਇਹ ਇਲਾਕਾ ਇਰੀਬੁੰਗ ਥਾਣੇ ਅਧੀਨ ਪੈਂਦਾ ਹੈ। ਪੁਲੀਸ ਨੇ ਦੱਸਿਆ ਕਿ ਹੱਥਗੋਲੇ ਦਾ ਧਮਾਕਾ ਹੋਣ ਕਾਰਨ ਲੋਕਨ ਦੇ 27 ਸਾਲਾ ਬੇਟੇ ਦੀ ਸੱਜੀ ਲੱਤ ’ਤੇ ਜ਼ਖ਼ਮ ਹੋਏ ਹਨ। ਡੀਜੀਪੀ ਪੀ. ਡੌਂਗੇਲ ਨੇ ਹੋਰ ਸੀਨੀਅਰ ਪੁਲੀਸ ਅਧਿਕਾਰੀਆਂ ਨਾਲ ਮੌਕੇ ਦਾ ਮੁਆਇਨਾ ਕੀਤਾ ਹੈ। ਪੁਲੀਸ ਮੁਤਾਬਕ ਹਾਲੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਹਮਲੇ ਪਿੱਛੇ ਕਿਸ ਦਾ ਹੱਥ ਹੈ।
ਲੋਕਨ ਦੇ ਪਰਿਵਾਰ ਨੇ ਕਿਸੇ ਨਾਲ ਵੀ ਦੁਸ਼ਮਣੀ ਨਾ ਹੋਣ ਦਾ ਦਾਅਵਾ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਪਿੱਛੇ ਜਿਹੇ ਭਾਜਪਾ ਨੂੰ ਆਪਣੇ ਘਰ ’ਤੇ ਝੰਡਾ ਲਾਉਣ ਤੋਂ ਰੋਕਿਆ ਗਿਆ ਸੀ। ਇਸੇ ਦੌਰਾਨ ਸਥਾਨਕ ਵਾਸੀਆਂ ਨੇ ਇਲਾਕੇ ’ਚ ਮੁਜ਼ਾਹਰਾ ਕਰਦਿਆਂ ਹਮਲੇ ਲਈ ਜ਼ਿੰਮੇਵਾਰ ਲੋਕਾਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ। ਪੁਲੀਸ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਮਨੀਪੁਰ ਵਿਧਾਨ ਸਭਾ ਦੀਆਂ 60 ਸੀਟਾਂ ਲਈ ਵੋਟਾਂ 27 ਫਰਵਰੀ ਅਤੇ 3 ਮਾਰਚ ਨੂੰ ਪੈਣੀਆਂ ਹਨ। -ਪੀਟੀਆਈ