ਅਗਰਤਲਾ/ਨਵੀਂ ਦਿੱਲੀ: ਭਾਜਪਾ ਦੇ ਸੂਬਾਈ ਪ੍ਰਧਾਨ ਤੇ ਰਾਜ ਸਭਾ ਮੈਂਬਰ ਮਾਨਿਕ ਸਾਹਾ ਨੇ ਅੱਜ ਸਵੇਰੇ ਤ੍ਰਿਪੁਰਾ ਦੇ ਮੁੱਖ ਮੰਤਰੀ ਵਜੋਂ ਹਲਫ਼ ਲਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰ ਕੇ ਮਾਨਿਕ ਸਾਹਾ ਨੂੰ ਮੁੱਖ ਮੰਤਰੀ ਵਜੋਂ ਹਲਫ਼ ਲੈਣ ਲਈ ਵਧਾਈ ਦਿੱਤੀ। ਸ੍ਰੀ ਮੋਦੀ ਨੇ ਵਿਸ਼ਵਾਸ ਜਤਾਇਆ ਕਿ ਸਾਹਾ ਸੂਬੇ ਦੀ ਵਿਕਾਸ ਯਾਤਰਾ ਨੂੰ ਬਲ ਬਖ਼ਸ਼ਣਗੇ। ਇਸ ਤੋਂ ਪਹਿਲਾਂ ਰਾਜਪਾਲ ਐੱਸ.ਐੱਨ.ਆਰੀਆ ਨੇ ਸਾਹਾ ਨੂੰ ਇਥੇ ਰਾਜ ਭਵਨ ਵਿੱਚ ਅਹੁਦੇ ਦਾ ਹਲਫ਼ ਦਿਵਾਇਆ। ਇਸ ਮੌਕੇ ਸਾਬਕਾ ਮੁੱਖ ਮੰਤਰੀ ਬਿਪਲਬ ਦੇਬ, ਭਾਜਪਾ ਵਿਧਾਇਕ ਤੇ ਸੂਬਾਈ ਮੰਤਰੀ ਵੀ ਮੌਜੂਦ ਸਨ। ਕੇਂਦਰੀ ਮੰਤਰੀ ਪ੍ਰਤਿਮਾ ਭੌਮਿਕ ਵੀ ਹਲਫ਼ਦਾਰੀ ਸਮਾਗਮ ’ਚ ਸ਼ਾਮਲ ਹੋਏ। ਉਪ ਮੁੱਖ ਮੰਤਰੀ ਜਿਸ਼ਨੂ ਦੇਵ ਵਰਮਾ ਤੇ ਮੰਤਰੀ ਰਾਮ ਪ੍ਰਸਾਦ ਪੌਲ, ਜਿਨ੍ਹਾਂ ਸ਼ਨਿਚਰਵਾਰ ਨੂੰ ਭਾਜਪਾ ਵਿਧਾਇਕ ਦਲ ਦੀ ਮੀਟਿੰਗ ਵਿੱਚ ਮੁੱਖ ਮੰਤਰੀ ਵਜੋਂ ਸਾਹਾ ਦੀ ਨਿਯੁਕਤੀ ਦੇ ਵਿਰੋਧ ’ਚ ਕੁਰਸੀਆਂ ਤੋੜੀਆਂ ਸਨ, ਹਲਫ਼ਦਾਰੀ ਸਮਾਗਮ ਖ਼ਤਮ ਹੋਣ ਤੋਂ ਕੁਝ ਮਿੰਟ ਪਹਿਲਾਂ ਰਾਜ ਭਵਨ ਪੁੱਜੇ। ਸਮਾਗਮ ਤੋਂ ਫੌਰੀ ਮਗਰੋਂ ਸਾਹਾ ਨੇ ਕਿਹਾ, ‘‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਕਾਸ ਦੇ ਏਜੰਡੇ ਨੂੰ ਅੱਗੇ ਲਿਜਾਂਦਿਆਂ ਤ੍ਰਿਪੁਰਾ ਦੇ ਲੋਕਾਂ ਲਈ ਕੰਮ ਕਰਾਂਗਾ। ਅਮਨ ਤੇ ਕਾਨੂੰਨ ਦੀ ਸਥਿਤੀ ’ਤੇ ਧਿਆਨ ਕੇਂਦਰਤ ਰਹੇਗਾ।’’ ਆਗਾਮੀ ਅਸੈਂਬਲੀ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਸਰਕਾਰ ਵਿੱਚ ਸਿਖਰਲੇ ਅਹੁਦੇ ’ਤੇ ਫੇਰਬਦਲ ਬਾਰੇ ਪੁੱਛੇ ਜਾਣ ’ਤੇ ਦੇਬ ਨੇ ਕਿਹਾ, ‘‘ਕੋਈ ਚੁਣੌਤੀ ਦਰਪੇਸ਼ ਨਹੀਂ ਹੈ।’’ ਮੁੱਖ ਵਿਰੋਧੀ ਧਿਰ ਸੀਪੀਐੱਮ ਦੇ ਵਿਧਾਇਕਾਂ ਨੇ ਸੂਬੇ ਵਿੱਚ ਭਾਜਪਾ ਦੇ ਕਾਰਜਕਾਲ ਦੌਰਾਨ ਕਥਿਤ ‘ਫ਼ਾਸ਼ੀਵਾਦੀ-ਸ਼ੈਲੀ ਹਿੰਸਾ’ ਦਾ ਦੋਸ਼ ਲਾਉਂਦਿਆਂ ਹਲਫ਼ਦਾਰੀ ਸਮਾਗਮ ਦਾ ਬਾਈਕਾਟ ਕੀਤਾ। ਉਧਰ ਤ੍ਰਿਣਮੂਲ ਕਾਂਗਰਸ, ਜੋ ਸੂਬੇ ਵਿੱਚ ਆਪਣਾ ਆਧਾਰ ਵਧਾਉਣ ਲਈ ਯਤਨਸ਼ੀਲ ਹੈ, ਨੇ ਦਾਅਵਾ ਕੀਤਾ ਕਿ ਭਾਜਪਾ ਨੇ ਤ੍ਰਿਪੁਰਾ ਵਿੱਚ ਮੁੱਖ ਮੰਤਰੀ ਬਦਲਿਆ ਕਿਉਂਕਿ ਉਸ ਨੂੰ ਪਤਾ ਹੈ ਕਿ ਸੂਬਾ ਸਰਕਾਰ ਲੋਕਾਂ ’ਚ ਵਿਸ਼ਵਾਸ ਗੁਆ ਚੁੱਕੀ ਹੈ। ਸਾਹਾ, ਜੋ ਦੰਦਾਂ ਦੇ ਜਬਾੜੇ ਦੇ ਸਰਜਨ ਹਨ, 2016 ਵਿੱਚ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਸਨ। ਦੋ ਸਾਲ ਪਹਿਲਾਂ ਉਨ੍ਹਾਂ ਨੂੰ ਤ੍ਰਿਪੁਰਾ ਪ੍ਰਦੇਸ਼ ਭਾਜਪਾ ਦਾ ਪ੍ਰਧਾਨ ਬਣਾਇਆ ਗਿਆ ਸੀ। ਸਾਹਾ ਬੈਡਮਿੰਟਨ ਦੇ ਚੰਗੇ ਖਿਡਾਰੀ ਰਹਿ ਚੁੱਕੇ ਹਨ ਤੇ ਉਹ ਤ੍ਰਿਪੁਰਾ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਵੀ ਹਨ। -ਪੀਟੀਆਈ