ਲਖਨਊ, 12 ਮਈ
ਉੱਤਰ ਪ੍ਰਦੇਸ਼ ਦੇ ਸਾਰੇ ਮਦਰੱਸਿਆ ਵਿੱਚ ਅੱਜ ਤੋਂ ਹਰ ਰੋਜ਼ ਰਾਸ਼ਟਰੀ ਗੀਤ ‘ਜਨ ਗਣ ਮਨ’ ਗਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਅੱਜ ਇੱਥੇ ਅਧਿਕਾਰੀਆਂ ਨੇ ਦਿੱਤੀ। ਉੱਤਰ ਪ੍ਰਦੇਸ਼ ਮਦਰੱਸਾ ਐਜੂਕੇਸ਼ਨ ਬੋਰਡ ਦੇ ਰਜਿਸਟਰਾਰ ਐੱਸਐੱਨ ਪਾਂਡੇ ਨੇ ਬੀਤੀ 9 ਮਈ ਨੂੰ ਸਾਰੇ ਜ਼ਿਲ੍ਹਿਆਂ ਦੇ ਘੱਟ ਗਿਣਤੀ ਭਲਾਈ ਅਫ਼ਸਰਾਂ ਨੂੰ ਇਹ ਨਿਰਦੇਸ਼ ਜਾਰੀ ਕੀਤੇ ਹਨ। ਉਨ੍ਹਾਂ ਕਿਹਾ ਕਿ ਪਿਛਲੀ 24 ਮਾਰਚ ਨੂੰ ਬੋਰਡ ਦੀ ਮੀਟਿੰਗ ਵਿੱਚ ਲਏ ਫ਼ੈਸਲੇ ਅਨੁਸਾਰ ਸੂਬੇ ਭਰ ਦੇ ਸਾਰੇ ਮਦਰੱਸਿਆਂ ਵਿੱਚ ਨਮਾਜ਼ ਦੇ ਸਮੇਂ ਰਾਸ਼ਟਰੀ ਗੀਤ ਗਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਪਾਂਡੇ ਨੇ ਕਿਹਾ ਕਿ ਰਮਜ਼ਾਨ ਦੀਆਂ ਛੁੱਟੀਆਂ ਮਗਰੋਂ 12 ਮਈ ਤੋਂ ਕਲਾਸਾਂ ਨਿਯਮਿਤ ਤੌਰ ’ਤੇ ਸ਼ੁਰੂ ਹੋ ਗਈਆਂ ਹਨ, ਜਿਸ ਕਾਰਨ ਅੱਜ ਤੋਂ ਇਹ ਹੁਕਮ ਲਾਗੂ ਹੋ ਗਿਆ ਹੈ। ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਸੂਬੇ ਦੇ ਸਾਰੇ ਮਾਨਤਾ ਪ੍ਰਾਪਤ ਅਤੇ ਗੈਰ ਮਾਨਤਾ ਪ੍ਰਾਪਤ ਮਦਰੱਸਿਆਂ ਵਿੱਚ ਆਉਣ ਵਾਲੇ ਅਕਾਦਮਿਕ ਸੈਸ਼ਨ ਦੌਰਾਨ ਕਲਾਸ ਸ਼ੁਰੂ ਹੋਣ ਤੋਂ ਪਹਿਲਾ ਪ੍ਰਾਰਥਨਾ ਦੇ ਨਾਲ ਸਵੇਰ ਦੀ ਸਭਾ ਵਿੱਚ ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋਂ ਰਾਸ਼ਟਰੀ ਗੀਤ ਲਾਜ਼ਮੀ ਗਾਇਆ ਜਾਵੇਗਾ। ਜ਼ਿਲ੍ਹਾ ਘੱਟ ਗਿਣਤੀ ਭਲਾਈ ਅਫ਼ਸਰਾਂ ਨੂੰ ਇਨ੍ਹਾਂ ਆਦੇਸ਼ਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ। ਟੀਚਰਜ਼ ਐਸੋਸੀਏਸ਼ਨ ਮਦਰੱਸਾ ਅਰਬੀਆ ਦੇ ਜਨਰਲ ਸਕੱਤਰ ਦਿਵਾਨ ਸਾਹਿਬ ਜ਼ਮਨ ਖ਼ਾਨ ਨੇ ਦੱਸਿਆ ਕਿ ਮਦਰੱਸਿਆਂ ਵਿੱਚ ਹੁਣ ਤੱਕ ਕਲਾਸਾਂ ਸ਼ੁਰੂ ਹੋਣ ਤੋਂ ਪਹਿਲਾਂ ਹਮਦ ਅਤੇ ਸਲਾਮ ਪੜ੍ਹਿਆ ਜਾਂਦਾ ਸੀ।
ਕੁਝ ਥਾਵਾਂ ’ਤੇ ਰਾਸ਼ਟਰੀ ਗੀਤ ਵੀ ਗਾਇਆ ਜਾਂਦਾ ਸੀ ਪਰ ਇਹ ਲਾਜ਼ਮੀ ਨਹੀਂ ਸੀ। ਜ਼ਿਕਰਯੋਗ ਹੈ ਕਿ ਸੂਬੇ ਦੇ ਘੱਟ ਗਿਣਤੀ ਭਲਾਈ ਮੰਤਰੀ ਧਰਮਪਾਲ ਸਿੰਘ ਨੇ ਪਿਛਲੇ ਮਹੀਨੇ ਮਦਰੱਸਿਆਂ ਵਿੱਚ ਰਾਸ਼ਟਰਵਾਦ ਦੀ ਸਿੱਖਿਆ ਦੇਣ ’ਤੇ ਜ਼ੋਰ ਦਿੱਤਾ ਸੀ। -ਪੀਟੀਆਈ