ਨਵੀਂ ਦਿੱਲੀ, 26 ਅਗਸਤ
ਸਰਕਾਰ ਨੇ ਬੁੱਧਵਾਰ ਨੂੰ ਕਿਹਾ ਕਿ ਕੌਮੀ ਰਾਜ ਮਾਰਗਾਂ ’ਤੇ ਸਥਿਤ ਟੋਲ ਪਲਾਜ਼ਾ ’ਤੇ ਹਰ ਤਰ੍ਹਾਂ ਦੀ ਛੋਟ ਹਾਸਲ ਕਰਨ ਲਈ ਫਾਸਟੈਗ ਲਾਜ਼ਮੀ ਕਰ ਦਿੱਤਾ ਗਿਆ ਹੈ। ਸਰਕਾਰ ਨੇ ਇਸ ਸਬੰਧੀ ਗਜ਼ਟ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਸੜਕ ਟਰਾਂਸਪੋਰਟ ਅਤੇ ਹਾਈਵੇਅਜ਼ ਮੰਤਰਾਲੇ ਨੇ ਟੋਲ ਮੁਕਤ ਪਲਾਜ਼ਾ ’ਤੇ ਵਾਪਸੀ ਯਾਤਰਾ ਦੀ ਛੋਟ ਹਾਸਲ ਕਰਨ ਅਤੇ ਹੋਰ ਛੋਟਾਂ ਲਈ ਫਾਸਟੈਗ ਨੂੰ ਲਾਜ਼ਮੀ ਕਰ ਦਿੱਤਾ ਹੈ। ਮੰਤਰਾਲੇ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਜੇ ਕੋਈ ਵਾਹਨ ਚਾਲਕ 24 ਘੰਟੇ ਵਿੱਚ ਵਾਪਸੀ ਦੀ ਛੋਟ ਹਾਸਲ ਕਰਨਾ ਚਾਹੁੰਦਾ ਹੈ ਜਾਂ ਕਿਸੇ ਤਰ੍ਹਾਂ ਦੀ ਹੋਰ ਛੋਟ ਲੈਣਾ ਚਾਹੁੰਦਾ ਹੈ ਤਾਂ ਉਸ ਦੇ ਵਾਹਨ ’ਤੇ ਕਾਰਜਸ਼ੀਲ ਫਾਸਟੈਗ ਲੱਗਿਆ ਹੋਣਾ ਚਾਹੀਦਾ ਹੈ। ਬਿਆਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਇਹ ਕਦਮ ਕੌਮੀ ਰਾਜ ਮਾਰਗਾਂ ’ਤੇ ਡਿਜੀਟਲ ਅਦਾਇਗੀ ਨੂੰ ਉਤਸ਼ਾਹਤ ਕਰਨ ਲਈ ਚੁੱਕਿਆ ਗਿਆ ਹੈ। ਅਜਿਹੀ ਛੋਟ ਹਾਸਲ ਕਰਨ ਲਈ ਅਦਾਇਗੀ ਪ੍ਰੀਪੇਡ ਮਾਧਿਅਮ ਰਾਹੀਂ ਜਿਵੇਂ ਸਮਾਰਟ ਕਾਰਡ, ਫਾਸਟੈਗ ਜਾਂ ਇਸ ਤਰ੍ਹਾਂ ਦੇ ਕਿਸੇ ਹੋਰ ਤਰੀਕੇ ਨਾਲ ਹੀ ਕਰਨੀ ਹੋਵੇਗੀ। -ਏਜੰਸੀ