ਭੋਪਾਲ, 2 ਜੁਲਾਈ
ਸ਼ਿਵਰਾਜ ਸਿੰਘ ਚੌਹਾਨ ਦੀ ਅਗਵਾਈ ਵਾਲੀ ਮੱਧ ਪ੍ਰਦੇਸ਼ ਕੈਬਨਿਟ ਦਾ ਅੱਜ ਵਿਸਥਾਰ ਕਰਦਿਆਂ ਇਸ ਵਿੱਚ 28 ਮੰਤਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਮੰਤਰੀਆਂ ਵਿਚ ਜਯੋਤਿਰਦਿੱਤਿਆ ਸਿੰਧੀਆ ਦੇ ਦਰਜਨ ਵਫ਼ਾਦਾਰ ਸ਼ਾਮਲ ਹਨ, ਜਿਸ ਵਲੋਂ ਮਾਰਚ ਵਿੱਚ ਕਾਂਗਰਸ ਛੱਡੇ ਜਾਣ ਮਗਰੋਂ ਸੂਬੇ ਵਿੱਚ ਕਮਲ ਨਾਥ ਦੀ ਅਗਵਾਈ ਵਾਲੀ 15 ਮਹੀਨਿਆਂ ਦੀ ਸਰਕਾਰ ਭੰਗ ਹੋ ਗਈ ਸੀ।
ਰਾਜਪਾਲ ਆਨੰਦੀਬੇਨ ਪਾਟੇਲ ਵਲੋਂ ਰਾਜ ਭਵਨ ਵਿੱਚ ਮੰਤਰੀਆਂ ਨੂੰ ਸਹੁੰ ਚੁਕਾਈ ਗਈ। ਸਮਾਗਮ ਮੌਕੇ ਕੋਵਿਡ-19 ਸਬੰਧੀ ਸਾਰੇ ਪ੍ਰੋਟੋਕੋਲਜ਼ ਦੀ ਪਾਲਣਾ ਕੀਤੀ ਗਈ। ਨਵੇਂ ਮੰਤਰੀਆਂ ਵਿੱਚ 20 ਨੂੰ ਕੈਬਨਿਟ ਰੈਂਕ ਦਿੱਤਾ ਗਿਆ ਹੈ ਜਦਕਿ ਅੱਠ ਰਾਜ ਮੰਤਰੀ ਲਾਏ ਗਏ ਹਨ। ਹੁਣ ਚੌਹਾਨ ਮੰਤਰਾਲੇ ਦੀ ਕੁੱਲ ਗਿਣਤੀ 34 ਹੋ ਗਈ ਹੈ।
ਦੱਸਣਯੋਗ ਹੈ ਕਿ ਕਾਂਗਰਸ ਦੇ 22 ਵਿਧਾਇਕਾਂ ਦੇ ਬਾਗੀ ਹੋਣ ਮਗਰੋਂ ਨਾਥ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ ਅਤੇ ਚੌਹਾਨ ਨੇ 23 ਮਾਰਚ ਨੂੰ ਮੁੱਖ ਮੰਤਰੀ ਵਜੋਂ ਆਪਣੇ ਚੌਥੇ ਕਾਰਜਕਾਲ ਲਈ ਸਹੁੰ ਚੁੱਕੀ ਸੀ। ਚੌਹਾਨ ਕੈਬਨਿਟ ਵਿੱਚ ਦੂਜੀ ਵਾਰ ਵਿਸਥਾਰ ਕੀਤਾ ਗਿਆ ਹੈ। ਪਹਿਲੀ ਵਾਰ 21 ਅਪਰੈਲ ਨੂੰ ਪੰਜ ਮੰਤਰੀਆਂ, ਜਿਨ੍ਹਾਂ ਵਿੱਚ ਸਿੰਧੀਆ ਦੇ ਕਰੀਬੀ ਅਤੇ ਦੋ ਸਾਬਕਾ ਕਾਂਗਰਸੀ ਵਿਧਾਇਕ ਤੁਲਸੀ ਸਿਲਾਵਤ ਅਤੇ ਗੋਵਿੰਦ ਸਿੰਘ ਰਾਜਪੂਤ ਸ਼ਾਮਲ ਸਨ, ਨੂੰ ਕੈਬਨਿਟ ਵਿੱਚ ਸ਼ਾਮਲ ਕੀਤਾ ਗਿਆ ਸੀ। ਭਾਜਪਾ ਦੇ ਸਾਬਕਾ ਮੰਤਰੀਆਂ ਗੋਪਾਲ ਭਾਰਗਵ, ਵਿਜੇ ਸ਼ਾਹ, ਜਗਦੀਸ਼ ਦੇਵੜਾ, ਯਸ਼ੋਧਰਾ ਰਾਜੇ ਸਿੰਧੀਆ, ਭੁਪੇਂਦਰ ਸਿੰਘ, ਬ੍ਰਜੇਂਦਰ ਪ੍ਰਤਾਪ ਸਿੰਘ ਅਤੇ ਵਿਸ਼ਵਾਸ ਸਾਰੰਗ ਨੂੰ ਅੱਜ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਗਿਆ। ਸਿੰਧੀਆ ਕੈਂਪ ’ਚੋਂ ਬਿਸਾਹੂਲਾਲ ਸਿੰਘ, ਐਦਲ ਸਿੰਘ ਕਾਂਸਨਾ, ਇਮਰਿਤੀ ਦੇਵੀ, ਪ੍ਰਭੂਰਾਮ ਚੌਧਰੀ, ਮਹੇਂਦਰ ਸਿੰਘ ਸਿਸੋਦੀਆ, ਪਯਾਦੁਮਨਾ ਸਿੰਘ ਤੋਮਰ, ਹਰਦੀਪ ਸਿੰਘ ਡਾਂਗ, ਰਾਜਵਰਧਨ ਸਿੰਘ ਦਾਤੀਗਾਓਂ ਨੂੰ ਕੈਬਨਿਟ ਮੰਤਰੀਆਂ ਵਜੋਂ ਸਹੁੰ ਚੁਕਾਈ ਗਈ ਜਦਕਿ ਬ੍ਰਜੇਂਦਰ ਸਿੰਘ ਯਾਦਵ, ਗਿਰਾਜ ਦੰਦੋਤੀਆ, ਸੁਰੇਸ਼ ਧਾਕੜ ਅਤੇ ਓਪੀਐੱਸ ਭਦੌਰੀਆਂ ਨੇ ਰਾਜ ਮੰਤਰੀਆਂ ਵਜੋਂ ਸਹੁੰ ਚੁੱਕੀ। -ਪੀਟੀਆਈ