ਬਾਹਦਰਗੜ੍ਹ(ਹਰਿਆਣਾ), 17 ਜੂਨ
ਸੂਬੇ ਵਿੱਚ ਚਾਰ ਵਿਅਕਤੀਆਂ ਨੇ ਇਕ ਵਿਅਕਤੀ ਨੂੰ ਕਥਿਤ ਤੌਰ ’ਤੇ ਜਲਣਸ਼ੀਲ ਪਦਾਰਥ ਸੁੱਟ ਕੇ ਅੱਗ ਲਾ ਦਿੱਤੀ ਜਿਸ ਕਾਰਨ ਉਸ ਦੀ ਮੌਤ ਹੋ ਗਈ। ਪੁਲੀਸ ਨੇ ਵੀਰਵਾਰ ਨੂੰ ਘਟਨਾ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਮ੍ਰਿਤਕ ਦੇ ਪਰਿਵਾਰ ਨੇ ਦੋਸ਼ ਲਾਇਆ ਹੈ ਕਿ ਚਾਰੇ ਮੁਲਜ਼ਮ ਕੌਮੀ ਰਾਜਧਾਨੀ ਦਿੱਲੀ ਨੇੜੇ ਟਿਕਰੀ ਬਾਰਡਰ ’ਤੇ ਚਲ ਰਹੇ ਕਿਸਾਨ ਅੰਦੋਲਨ ਦਾ ਹਿੱਸਾ ਹਨ। ਪੁਲੀਸ ਅਨੁਸਾਰ ਮਿ੍ਤਕ ਦੀ ਪਛਾਣ ਝੱਜਰ ਜ਼ਿਲ੍ਹੇ ਦੇ ਬਹਾਦਰਗੜ੍ਹ ਦੇ ਕਸਰਾ ਪਿੰਡ ਦੇ ਵਸਨੀਕ ਮੁਕੇਸ਼(42)ਵਜੋਂ ਹੋਈ ਹੈ। ਜਦੋਂ ਕਿ ਸੰਯੁਕਤ ਕਿਸਾਨ ਮੋਰਚੇ ਦਾ ਕਹਿਣਾ ਹੈ ਕਿ ਵਿਅਕਤੀ ਨੇ ਖੁਦਕੁਸ਼ੀ ਕੀਤੀ ਹੈ।
ਪੁਲੀਸ ਨੇ ਦੱਸਿਆ ਕਿ ਮੁਕੇਸ਼ ਦੇ ਭਰਾ ਨੇ ਸ਼ਿਕਾਇਤ ਦਿੱਤੀ ਹੈ ਕਿ ਟਿਕਰੀ ਬਾਰਡਰ ’ਤੇ ਚਲ ਰਹੇ ਕਿਸਾਨ ਅੰਦੋਲਨ ਵਿੱਚ ਸ਼ਾਮਲ ਚਾਰ ਲੋਕਾਂ ਨੇ ਬੁੱਧਵਾਰ ਸ਼ਾਮ ਨੂੰ ਮੁਕੇਸ਼ ਨੂੰ ਕਥਿਤ ਤੌਰ ’ਤੇ ਜ਼ਿੰਦਾ ਸਾੜ ਦਿੱਤਾ ਸੀ। ਘਟਨਾ ਵੇਲੇ ਚਾਰੇ ਮੁਲਜ਼ਮ ਨਸ਼ੇ ਵਿੱਚ ਧੁੱਤ ਸਨ। ਪੁਲੀਸ ਘਟਨਾ ਦੀ ਜਾਂਚ ਕਰ ਰਹੀ ਹੈ। ਇਕ ਮੁਲਜ਼ਮ ਦੀ ਪਛਾਣ ਜੀਂਦ ਦੇ ਵਸਨੀਕ ਵਜੋਂ ਹੋਈ ਹੈ। ਵੀਰਵਾਰ ਨੂੰ ਪਿੰਡ ਵਾਲਿਆਂ ਤੇ ਪੀੜਤ ਦੇ ਰਿਸ਼ਤੇਦਾਰਾਂ ਨੇ ਪੀੜਤ ਪਰਿਵਾਰ ਨੂੰ ਮਦਦ ਦਿੱਤੇ ਜਾਣ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕੀਤਾ। ਪੁਲੀਸ ਨੇ ਚਾਰੇ ਮੁਲਜ਼ਮਾਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕੀਤਾ ਹੈ। ਸੰਯੁਕਤ ਕਿਸਾਨ ਮੋਰਚੇ ਨੇ ਦੋਸ਼ ਲਾਇਆ ਕਿ ਹਰਿਆਣਾ ਸਰਕਾਰ ਕਿਸਾਨ ਅੰਦੋਲਨ ਨੂੰ ਬਦਨਾਮ ਕਰ ਰਹੀ ਹੈ। ਮੁਕੇਸ਼ ਨੇ ਖੁ਼ਦਕੁਸ਼ੀ ਕੀਤੀ ਹੈ। ਮੋਰਚੇ ਦੇ ਆਗੂ ਬਲਬੀਰ ਸਿੰਘ ਰਾਜੇਵਾਲ ਅਤੇ ਦਰਸ਼ਨਪਾਲ ਨੇ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਮੁਕੇਸ਼ ਨੇ ਕਥਿਤ ਤੌਰ ’ਤੇ ਆਪਣੇ ਉਪਰ ਪੈਟਰੋਲ ਛਿੜਕਿਆ ਅਤੇ ਮਗਰੋਂ ਅੱਗ ਲਾ ਲਈ। ਜਿਵੇਂ ਹੀ ਮੋਰਚੇ ਦੇ ਵਾਲੰਟੀਅਰਾਂ ਨੂੰ ਇਸ ਦਾ ਪਤਾ ਚਲਿਆ ਉਹ ਅੱਗ ਬੁਝਾਉਣ ਲਈ ਭੱਜੇ ਅਤੇ ਉਸ ਦੀ ਜ਼ਿੰਦਗੀ ਬਚਾਈ। ਉਨ੍ਹਾਂ ਕਿਹਾ ਕਿ ਪਤਾ ਚਲਿਆ ਹੈ ਕਿ ਮੁਕੇਸ਼ ਨੇ ਪਰਿਵਾਰਕ ਕਲੇਸ਼ ਕਾਰਨ ਖੁ਼ਦਕੁਸ਼ੀ ਕੀਤੀ ਹੈ।-ਏਜੰਸੀ