ਕੋਲਕਾਤਾ, 13 ਅਪਰੈਲ
ਭਾਜਪਾ ਪ੍ਰਧਾਨ ਜੇਪੀ ਨੱਢਾ ਨੇ ਤ੍ਰਿਣਮੂਲ ਕਾਂਗਰਸ ਦੇ ਨਾਅਰੇ ‘ਖੇਲਾ ਹੋਬੇ’ ’ਤੇ ਨਿਸ਼ਾਨਾ ਸੇਧਦਿਆਂ ਅੱਜ ਕਿਹਾ ਕਿ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਹਾਲਾਤ ਇੱਕ ਹਾਰੇ ਹੋਏ ਖਿਡਾਰੀ ਜਿਹੀ ਹੈ। ਨੱਢਾ ਨੇ ਪੂਰਬੀ ਵਰਧਮਾਨ ਜ਼ਿਲ੍ਹੇ ਦੇ ਕਾਲਨਾ ’ਚ ਇੱਕ ਰੋਡ ਸ਼ੋਅ ਦੀ ਅਗਵਾਈ ਕੀਤੀ। ਉਨ੍ਹਾਂ ਕਿਹਾ ਕਿ ਭਾਜਪਾ ਅਤੇ ਚੋਣ ਕਮਿਸ਼ਨ ਵੱਲ ਉਂਗਲ ਚੁੱਕ ਰਹੀ ਅਤੇ ਉਨ੍ਹਾਂ ’ਤੇ ਦੋਸ਼ ਲਗਾ ਰਹੀ ਤ੍ਰਿਣਮੂਲ ਕਾਂਗਰਸ ਮੁਖੀ ਇਹ ਭੁੱਲ ਗਈ ਹੈ ਕਿ ਕੀ ਉਨ੍ਹਾਂ ਸੂਬੇ ਦੇ ਲੋਕਾਂ ਲਈ ਕੁਝ ਅਜਿਹਾ ਕੀਤਾ ਹੈ ਕਿ ਜਿਸ ਦਾ ਉਹ ਸਿਹਰਾ ਲੈ ਸਕੇ। ਉਨ੍ਹਾਂ ਕਿਹਾ, ‘ਮਮਤਾ ਦੀ ਹਾਲਤ ਖੇਡ ’ਚ ਹਾਰੇ ਹੋਏ ਖਿਡਾਰੀ ਵਰਗੀ ਹੈ। ਉਨ੍ਹਾਂ ਸਾਲਾਂ ਤੱਕ ਸੂਬੇ ਦੇ ਲੋਕਾਂ ਨਾਲ ਸਿਰਫ਼ ਅਨਿਆਂ ਹੀ ਕੀਤਾ ਹੈ। ਪਰ ਜੇਕਰ ਭਾਜਪਾ ਸੱਤਾ ’ਚ ਆਉਂਦੀ ਹੈ ਤਾਂ ਉਹ ਇੱਥੇ ਵਿਕਾਸ ਲਿਆਏਗੀ, ਮਹਿਲਾਵਾਂ ’ਤੇ ਅੱਤਿਆਚਾਰ ਰੋਕੇਗੀ ਅਤੇ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰੇਗੀ।’ ਉਨ੍ਹਾਂ ਕਿਹਾ ਟੀਐੱਮਸੀ ਸਰਕਾਰ ਸੂਬੇ ’ਚ ਅਮਨ-ਕਾਨੂੰਨ ਦੀ ਸਥਿਤੀ ਬਣਾਏ ਰੱਖਣ ’ਚ ਨਾਕਾਮ ਰਹੀ ਹੈ। ਨੱਢਾ ਨੇ ਕਿਹਾ, ‘ਮਮਤਾ ਬੈਨਰਜੀ ਦੀ ਜਬਰੀ ਵਸੂਲੀ, ਤਾਨਾਸ਼ਾਹੀ ਭਰਿਆ ਵਤੀਰਾ ਅਤੇ ਉਨ੍ਹਾਂ ਦੀ ਪਾਰਟੀ ਵੱਲੋਂ ਚਲਾਈ ਗਈ ਰਿਸ਼ਵਤ ਦੀ ਰਵਾਇਤ ਨੇ ਸੂਬੇ ਨੂੰ ਬਰਬਾਦ ਕਰ ਦਿੱਤਾ ਹੈ।’ -ਪੀਟੀਆਈ