ਮਾਲਦਾ, 26 ਅਪਰੈਲ
ਭਾਜਪਾ ਪ੍ਰਧਾਨ ਜੇ ਪੀ ਨੱਡਾ ਨੇ ਤ੍ਰਿਣਮੂਲ ਕਾਂਗਰਸ ਸੁਪਰੀਮੋ ਮਮਤਾ ਬੈਨਰਜੀ ’ਤੇ ਦੋਸ਼ ਲਾਇਆ ਹੈ ਕਿ ਉਹ ਕਰੋਨਾ ਵੈਕਸੀਨ ਤੋਂ ਲੈ ਕੇ ‘ਅੰਦਰੂਨੀ-ਬਾਹਰੀ’ ਸਮੇਤ ਹੋਰ ਕਈ ਮੁੱਦਿਆਂ ’ਤੇ ਪੱਛਮੀ ਬੰਗਾਲ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੇ ਬੰਗਾਲ ’ਚ ਸੱਭਿਆਚਾਰ ਅਤੇ ਵਿਰਸੇ ਨੂੰ ਬਹਾਲ ਰੱਖਿਆ ਹੈ ਜਦਕਿ ਮਮਤਾ ਬੈਨਰਜੀ ਭਾਜਪਾ ਲੀਡਰਾਂ ਖ਼ਿਲਾਫ਼ ਅਪਮਾਨ ਵਾਲੀ ਭਾਸ਼ਾ ਬੋਲਦੀ ਆ ਰਹੀ ਹੈ। ਪੱਛਮੀ ਬੰਗਾਲ ’ਚ ਵਿਧਾਨ ਸਭਾ ਚੋਣਾਂ ਦਾ ਆਖਰੀ ਗੇੜ 29 ਅਪਰੈਲ ਨੂੰ ਹੈ ਅਤੇ ਵੋਟਾਂ ਦੀ ਗਿਣਤੀ 2 ਮਈ ਨੂੰ ਹੋਵੇਗੀ। ਉਨ੍ਹਾਂ ਭਾਜਪਾ ਦੇ ਅੰਦਰੂਨੀ ਹੋਣ ਦਾ ਦਾਅਵਾ ਕਰਦਿਆਂ ਕਿਹਾ ਕਿ ਪਾਰਟੀ ਨੇ ਨੇਤਾਜੀ ਸੁਭਾਸ਼ ਚੰਦਰ ਬੋਸ ਅਤੇ ਸ਼ਿਆਮਾ ਪ੍ਰਸਾਦ ਮੁਖਰਜੀ ਦੇ ਸੁਨੇਹੇ ਪੂਰੇ ਮੁਲਕ ’ਚ ਪਹੁੰਚਾਉਣ ਲਈ ਹਰ ਉਪਰਾਲਾ ਕੀਤਾ। ਕੇਂਦਰੀ ਸਿਹਤ ਮੰਤਰੀ ਰਹਿ ਚੁੱਕੇ ਨੱਡਾ ਨੇ ਕਿਹਾ ਕਿ ਜੇਕਰ ਪੱਛਮੀ ਬੰਗਾਲ ’ਚ ਵੈਕਸੀਨ ਨਹੀਂ ਮਿਲ ਰਹੀ ਹੈ ਤਾਂ ਸੂਬਾ ਸਰਕਾਰ ਕੇਂਦਰ ਨੂੰ ਟੀਕਾਕਰਨ ਬਾਰੇ ਰੋਜ਼ਾਨਾ ਕਿਹੜੇ ਅਪਡੇਟ ਮੁਹੱਈਆ ਕਰਵਾ ਰਹੀ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਮਮਤਾ ਵੈਕਸੀਨ ਦੀ ਉਪਲੱਬਧਤਾ ਬਾਰੇ ਝੂਠੇ ਦੋਸ਼ ਲਾ ਰਹੀ ਹੈ ਜਦਕਿ ਉਹ ਖੁਦ ਪ੍ਰਧਾਨ ਮੰਤਰੀ ਵੱਲੋਂ ਸੱਦੀਆਂ ਗਈਆਂ ਬੈਠਕਾਂ ’ਚੋਂ ਗ਼ੈਰ-ਹਾਜ਼ਰ ਰਹਿੰਦੀ ਹੈ। ਟੀਐੱਮਸੀ ’ਤੇ ਹਿੰਸਾ ਭੜਕਾਉਣ ਦੇ ਦੋਸ਼ ਲਾਉਂਦਿਆਂ ਉਨ੍ਹਾਂ ਮਾਲਦਾ ਤੋਂ ਭਾਜਪਾ ਉਮੀਦਵਾਰ ਗੋਪਾਲ ਚੰਦਰ ਸਾਹਾ ’ਤੇ ਹਮਲੇ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਮਾਲਦਾ ਦੇਸ਼ ’ਚ ਅੰਬਾਂ ਲਈ ਮਸ਼ਹੂਰ ਹੈ ਪਰ ਹੁਣ ਇਹ ਬੰਬ ਬਣਾਉਣ ਅਤੇ ਜਾਅਲੀ ਕਰੰਸੀ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਦੀਦੀ ਨੇ ਚੋਣਾਂ ’ਚ ਹਾਰ ਕਬੂਲ ਕਰ ਲਈ ਹੈ ਅਤੇ ਉਹ ਗੁੱਸੇ ’ਚ ਹਿੰਸਾ ਨੂੰ ਉਤਸ਼ਾਹਿਤ ਕਰ ਰਹੀ ਹੈ। -ਪੀਟੀਆਈ