ਬੀਰਭੂਮ, 9 ਫਰਵਰੀ
ਭਾਜਪਾ ਪ੍ਰਧਾਨ ਜੇ.ਪੀ. ਨੱਢਾ ਨੇ ਅੱਜ ਤ੍ਰਿਣਮੂਲ ਕਾਂਗਰਸ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਪਾਰਟੀ ਭਾਈਚਾਰਿਆਂ ਨੂੰ ਵੰਡ ਰਹੀ ਹੈ। ਟੀਐਮਸੀ ਵੱਲੋਂ ਕਿਸੇ ਨੂੰ ਅੰਦਰਲਾ ਤੇ ਕਿਸੇ ਨੂੰ ਬਾਹਰਲਾ ਦੱਸਿਆ ਜਾ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਮਮਤਾ ਦੇ ਸ਼ਾਸਨ ਵਿਚ ਪੱਛਮੀ ਬੰਗਾਲ ਦਾ ਅਮੀਰ ਸਭਿਆਚਾਰ ਤੇ ਵਿਰਾਸਤ ਖ਼ਤਰੇ ਵਿਚ ਹੈ।
ਬੀਰਭੂਮ ਜ਼ਿਲ੍ਹੇ ਵਿਚ ਤਾਰਾਪੀਠ ਤੋਂ ਭਾਜਪਾ ਦੀ ‘ਪਰਿਵਰਤਨ ਯਾਤਰਾ’ ਦੇ ਦੂਜੇ ਗੇੜ ਦੀ ਸ਼ੁਰੂਆਤ ਮੌਕੇ ਨੱਢਾ ਨੇ ਦੋਸ਼ ਲਾਇਆ ਕਿ ਰਾਜ ਸਰਕਾਰ ‘ਸਿਆਸਤ ਦਾ ਅਪਰਾਧੀਕਰਨ ਕਰ ਰਹੀ ਹੈ, ਭ੍ਰਿਸ਼ਟਾਚਾਰ ਨੂੰ ਸੰਸਥਾਗਤ ਬਣਾਇਆ ਜਾ ਰਿਹਾ ਹੈ ਤੇ ਪੁਲੀਸ ਦਾ ਸਿਆਸੀਕਰਨ ਕੀਤਾ ਜਾ ਰਿਹਾ ਹੈ।’ ਉਨ੍ਹਾਂ ਦਾਅਵਾ ਕੀਤਾ ਕਿ ਟੀਐਮਸੀ ਸਰਕਾਰ ਨੂੰ ਲੋਕ ਵਿਧਾਨ ਸਭਾ ਚੋਣਾਂ ਵਿਚ ਮਾਤ ਦੇਣਗੇ।
ਨੱਢਾ ਨੇ ਦਾਅਵਾ ਕੀਤਾ ਕਿ ਤ੍ਰਿਣਮੂਲ ਕਾਂਗਰਸ ਕੁਝ ਨੂੰ ਬਾਹਰਲੇ ਦੱਸ ਕੇ ਲੋਕਾਂ ਨੂੰ ਇਕ-ਦੂਜੇ ਦੇ ਵਿਰੁੱਧ ਖੜ੍ਹੇ ਕਰ ਰਹੀ ਹੈ।
ਇਹ ਸ਼ਰਮਨਾਕ ਹੈ। ਭਾਜਪਾ ਪ੍ਰਧਾਨ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਹੀ ਸੂਬੇ ਵਿਚ ਅਸਲ ਬਦਲਾਅ ਲਿਆ ਸਕਦੀ ਹੈ। -ਪੀਟੀਆਈ
‘ਪਰਿਵਰਤਨ ਯਾਤਰਾ’ ਬਾਰੇ ਹੁਕਮ ਪਾਸ ਕਰਨ ਤੋਂ ਹਾਈ ਕੋਰਟ ਦਾ ਇਨਕਾਰ
ਕਲਕੱਤਾ ਹਾਈ ਕੋਰਟ ਨੇ ਭਾਜਪਾ ਦੀ ‘ਪਰਿਵਰਤਨ ਯਾਤਰਾ’ ਨੂੰ ਰੋਕਣ ਖ਼ਿਲਾਫ਼ ਦਾਇਰ ਲੋਕ ਹਿੱਤ ਪਟੀਸ਼ਨ ’ਤੇ ਅੰਤ੍ਰਿਮ ਹੁਕਮ ਪਾਸ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਪਟੀਸ਼ਨ ਰਾਹੀਂ ਅਦਾਲਤ ਤੋਂ ਭਾਜਪਾ ਦੀਆਂ ਰੈਲੀਆਂ ਰੋਕਣ ਲਈ ਦਖ਼ਲ ਦੇਣ ਦੀ ਮੰਗ ਕੀਤੀ ਗਈ ਸੀ। ਅਦਾਲਤ ਨੇ ਕਿਹਾ ਕਿ ਇਸ ਮਾਮਲੇ ’ਤੇ ਸੁਣਵਾਈ 11 ਫਰਵਰੀ ਨੂੰ ਹੋਵੇਗੀ। ਪਟੀਸ਼ਨਕਰਤਾ ਨੇ ਕਿਹਾ ਸੀ ਕਿ ਯਾਤਰਾ ਸੂਬੇ ਵਿਚ ਮਹਾਮਾਰੀ ਦੀ ਸਥਿਤੀ ਵਿਗਾੜ ਸਕਦੀ ਹੈ ਤੇ ਕਾਨੂੰਨ-ਵਿਵਸਥਾ ਨੂੰ ਵੀ ਖ਼ਤਰਾ ਹੈ।