ਨਵੀਂ ਦਿੱਲੀ, 1 ਅਪਰੈਲ
ਭਾਜਪਾ ਆਗੂ ਪ੍ਰਕਾਸ਼ ਜਾਵੜੇਕਰ ਨੇ ਅੱਜ ਕਿਹਾ ਕਿ ਤ੍ਰਿਣਮੂਲ ਕਾਂਗਰਸ ਮੁਖੀ ਮਮਤਾ ਬੈਨਰਜੀ ਦਾ ਗ਼ੈਰ-ਭਾਜਪਾ ਆਗੂਆਂ ਨੂੰ ਪੱਤਰ ਲਿਖਣਾ ਉਨ੍ਹਾਂ ਦੀ ਨਿਰਾਸ਼ਾ ਦਾ ਸਬੂਤ ਹੈ ਕਿਉਂਕਿ ਉਹ ਜਾਣਦੀ ਹੈ ਕਿ ਉਹ ਨਾ ਸਿਰਫ਼ ਨੰਦੀਗ੍ਰਾਮ ਸੀਟ ਤੋਂ ਹਾਰ ਰਹੀ ਹੈ ਬਲਕਿ ਉਨ੍ਹਾਂ ਦੀ ਪਾਰਟੀ ਵੀ ਪੱਛਮੀ ਬੰਗਾਲ ’ਚ ਸੱਤਾ ਤੋਂ ਬਾਹਰ ਹੋਣ ਵਾਲੀ ਹੈ। ਦੱਸਣਾ ਬਣਦਾ ਹੈ ਕਿ ਮਮਤਾ ਬੈਨਰਜੀ ਨੇ ਕਾਂਗਰਸ ਮੁਖੀ ਸੋਨੀਆ ਗਾਂਧੀ ਸਮੇਤ ਗ਼ੈਰ-ਭਾਜਪਾ ਆਗੂਆਂ ਨੂੰ ਪੱਤਰ ਲਿਖਿਆ ਸੀ। ਅੱਜ ਇੱਥੇ ਇੱਕ ਸਮਾਗਮ ਦੌਰਾਨ ਉਨ੍ਹਾਂ ਕਿਹਾ, ‘ਮਮਤਾ ਬੈਨਰਜੀ ਦਾ ਪੱਤਰ ਉਨ੍ਹਾਂ ਦੀ ਨਿਰਾਸ਼ਾ ਦਾ ਸਬੂਤ ਹੈ। ਉਨ੍ਹਾਂ ਨੂੰ ਸਮਝ ਆ ਗਿਆ ਹੈ ਕਿ ਉਹ ਹਾਰ ਰਹੀ ਹੈ। ਉਹ ਨਾ ਸਿਰਫ਼ ਨੰਦੀਗ੍ਰਾਮ ਸੀਟ ਹਾਰ ਰਹੀ ਹੈ ਬਲਕਿ ਉਨ੍ਹਾਂ ਦੀ ਪਾਰਟੀ ਵੀ ਪੱਛਮੀ ਬੰਗਾਲ ’ਚ ਸੱਤਾ ਤੋਂ ਬਾਹਰ ਹੋਣ ਵਾਲੀ ਹੈ ਅਤੇ ਇਸੇ ਕਾਰਨ ਉਹ ਕਾਂਗਰਸ ਨੂੰ ਉਨ੍ਹਾਂ ਨਾਲ ਮਿਲਣ ਦੀ ਅਪੀਲ ਕਰ ਰਹੀ ਹੈ, ਜੋ ਟੀਐੱਮਸੀ ਖ਼ਿਲਾਫ਼ ਚੋਣ ਲੜ ਰਹੀ ਹੈ।’ ਉਨ੍ਹਾਂ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਬਾਰੇ ਪੁੱਛੇ ਗਏ ਕਿਸੇ ਵੀ ਸਵਾਲ ਦਾ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ। -ਪੀਟੀਆਈ