ਨਵੀਂ ਦਿੱਲੀ, 4 ਫਰਵਰੀ
ਸੀਬੀਆਈ ਨੇ ਅੱਜ ਸੁਪਰੀਮ ਕੋਰਟ ਨੂੰ ਦੱਸਿਆ ਕਿ ਪਿਛਲੇ ਸਾਲ ਪੱਛਮੀ ਬੰਗਾਲ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਨੰਦੀਗ੍ਰਾਮ ਤੋਂ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਚੋਣ ਏਜੰਟ ਰਹੇ ਤ੍ਰਿਣਮੂਲ ਕਾਂਗਰਸ ਆਗੂ ਐੱਸ ਕੇ ਸੁਪੀਆਂ ਭਾਜਪਾ ਕਾਰਕੁਨ ਦੀ ਹੱਤਿਆ ਦੇ ਮਾਮਲੇ ਵਿੱਚ ਚੱਲ ਰਹੀ ਜਾਂਚ ਤੋਂ ਭੱਜ ਰਹੇ ਹਨ। ਸੀਬੀਆਈ ਵੱਲੋਂ ਪੇਸ਼ ਹੋਏ ਐਡੀਸ਼ਨਲ ਸੌਲਿਸਿਟਰ ਜਨਰਲ ਅਮਨ ਲੇਖੀ ਨੇ ਜਸਟਿਸ ਐੱਲ ਨਾਗੇਸ਼ਵਰ ਰਾਓ ਅਤੇ ਅਭੈ ਐੱਸ ਓਕਾ ਦੇ ਬੈਂਚ ਨੂੰ ਦੱਸਿਆ ਕਿ ਕਲਕੱਤਾ ਹਾਈ ਕੋਰਟ ਦੇ ਆਦੇਸ਼ ਵਿੱਚ ਕੁੱਝ ਵੀ ਗ਼ਲਤ ਨਹੀਂ ਸੀ, ਜਿਸ ਵਿੱਚ ਸੁਪੀਆਂ ਦੀ ਪੇਸ਼ਗੀ ਜ਼ਮਾਨਤ ਅਰਜ਼ੀ ਰੱਦ ਕੀਤੀ ਗਈ ਸੀ। ਲੇਖੀ ਨੇ ਕਿਹਾ, ‘‘ਵਾਰ ਵਾਰ ਨੋਟਿਸ ਭੇਜੇ ਜਾਣ ਦੇ ਬਾਵਜੂਦ ਅਪੀਲ ਕਰਤਾ ਅਧਿਕਾਰੀਆਂ ਸਾਹਮਣੇ ਪੇਸ਼ ਨਹੀਂ ਹੋ ਰਿਹਾ ਅਤੇ ਜਾਂਚ ਤੋਂ ਭੱਜ ਰਿਹਾ ਹੈ। ਨਾ ਹੀ ਜਾਂਚ ਵਿੱਚ ਕੋਈ ਸਹਿਯੋਗ ਕਰ ਰਿਹਾ ਹੈ।’’ ਸੁਪੀਆਂ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਕਪਿਲ ਸਿੱਬਲ ਨੇ ਕਿਹਾ ਕਿ ਉਸ ਦੇ ਮੁਵੱਕਲ ਦਾ ਨਾਮ ਨਾ ਤਾਂ ਅਧਿਕਾਰੀਆਂ ਵੱਲੋਂ ਦਰਜ ਕੀਤੀ ਗਈ ਐੱਫਆਈਆਰ ਵਿੱਚ ਹੈ ਅਤੇ ਨਾ ਹੀ ਇਸ ਕੇਸ ਸਬੰਧੀ ਦਾਇਰ ਕੀਤੀ ਗਈ ਚਾਰਜਸ਼ੀਟ ਵਿੱਚ। -ਪੀਟੀਆਈ