ਨਵੀਂ ਦਿੱਲੀ, 31 ਮਾਰਚ
ਪੱਛਮੀ ਬੰਗਾਲ ’ਚ ਫਸਵੀਂ ਟੱਕਰ ਦਾ ਸਾਹਮਣਾ ਕਰ ਰਹੀ ਤ੍ਰਿਣਮੂਲ ਕਾਂਗਰਸ ਅਤੇ ਉਸ ਦੀ ਸੁਪਰੀਮੋ ਮਮਤਾ ਬੈਨਰਜੀ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਸਮੇਤ ਹੋਰ ਗ਼ੈਰ-ਭਾਜਪਾਈ ਆਗੂਆਂ ਨੂੰ ਪੱਤਰ ਲਿਖ ਕੇ ਭਾਜਪਾ ਦੇ ਲੋਕਤੰਤਰ ’ਤੇ ‘ਹਮਲੇ’ ਦਾ ਮੁੱਦਾ ਉਠਾਉਂਦਿਆਂ ਦੋਸ਼ ਲਾਇਆ ਹੈ ਕਿ ਆਜ਼ਾਦੀ ਤੋਂ ਬਾਅਦ ਕੇਂਦਰ ਅਤੇ ਸੂਬਿਆਂ ਦੇ ਸਬੰਧਾਂ ’ਚ ਇਸ ਵੇਲੇ ਸਭ ਤੋਂ ਜ਼ਿਆਦਾ ਨਿਘਾਰ ਆਇਆ ਹੈ। ਮਮਤਾ ਵੱਲੋਂ ਲਿਖੀ ਗਈ ਚਿੱਠੀ ਨੂੰ ਭਾਜਪਾ ਦਾ ਵਿਰੋਧ ਕਰਨ ਵਾਲੀਆਂ ਸਾਰੀਆਂ ਪਾਰਟੀਆਂ ਨੂੰ ਆਪਣੇ ਨਾਲ ਇਕਜੁੱਟਤਾ ਦਿਖਾਉਣ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ ਕਿਉਂਕਿ ਭਾਜਪਾ ਵੱਲੋਂ ਉਸ ਨੂੰ ਸੱਤਾ ਤੋਂ ਲਾਂਭੇ ਕਰਨ ਲਈ ਪੱਛਮੀ ਬੰਗਾਲ ’ਚ ਤਿੱਖਾ ਪ੍ਰਚਾਰ ਕੀਤਾ ਜਾ ਰਿਹਾ ਹੈ। ਮਮਤਾ ਬੈਨਰਜੀ ਨੇ ਸੱਦਾ ਦਿੱਤਾ ਹੈ ਕਿ ਭਾਜਪਾ ਖ਼ਿਲਾਫ਼ ਜੰਗ ’ਚ ਸਾਰੀਆਂ ਪਾਰਟੀਆਂ ਸਹਿਯੋਗ ਦੇਣ ਅਤੇ ਉਹ ਲੋਕਾਂ ਲਈ ਢੁੱਕਵੇਂ ਬਦਲ ਵਜੋਂ ਅੱਗੇ ਆਉਣ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਮਗਰੋਂ ਇਸ ਮੁੱਦੇ ’ਤੇ ਅੱਗੇ ਯੋਜਨਾ ਬਣਾਈ ਜਾ ਸਕਦੀ ਹੈ। ਸੂਬੇ ’ਚ ਦੂਜੇ ਗੇੜ ਦੀਆਂ ਚੋਣਾਂ ਤੋਂ ਪਹਿਲਾਂ ਮਮਤਾ ਬੈਨਰਜੀ ਵੱਲੋਂ ਲਿਖੇ ਗਏ ਪੱਤਰ ਨੂੰ ਤ੍ਰਿਣਮੂਲ ਕਾਂਗਰਸ ਨੇ ਅੱਜ ਜਾਰੀ ਕੀਤਾ ਹੈ। ਉਨ੍ਹਾਂ ਲਿਖਿਆ ਹੈ ਕਿ ਗ਼ੈਰ-ਭਾਜਪਾਈ ਸੂਬਿਆਂ ’ਚ ਭਗਵਾ ਪਾਰਟੀ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ਦੀਆਂ ਕਾਰਵਾਈਆਂ ਕਾਰਨ ਉਨ੍ਹਾਂ ਨੂੰ ਨੁਕਸਾਨ ਭੁਗਤਣਾ ਪਿਆ ਹੈ। ਮਮਤਾ ਨੇ ਕਿਹਾ,‘‘ਮੈਂ ਇਹ ਪੱਤਰ ਤੁਹਾਨੂੰ ਅਤੇ ਹੋਰ ਗ਼ੈਰ-ਭਾਜਪਾਈ ਪਾਰਟੀਆਂ ਦੇ ਕਈ ਆਗੂਆਂ ਨੂੰ ਲਿਖਿਆ ਹੈ ਤਾਂ ਜੋ ਮੈਂ ਭਾਜਪਾ ਅਤੇ ਉਸ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ਵੱਲੋਂ ਲੋਕਤੰਤਰ ਅਤੇ ਸੰਵਿਧਾਨਕ ਸੰਘਵਾਦ ’ਤੇ ਕੀਤੇ ਜਾ ਰਹੇ ਹਮਲਿਆਂ ’ਤੇ ਆਪਣਾ ਫਿਕਰ ਜਤਾ ਸਕਾਂ।’’ ਉਨ੍ਹਾਂ ਦੋਸ਼ ਲਾਇਆ ਹੈ ਕਿ ਕੇਂਦਰ ਸਰਕਾਰ ਜਾਣ-ਬੁੱਝ ਕੇ ਸੂਬਿਆਂ ਦੇ ਫੰਡ ਰੋਕ ਰਹੀ ਹੈ। ਇਸ ਤੋਂ ਇਲਾਵਾ ਜਾਂਚ ਏਜੰਸੀਆਂ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕੌਮੀ ਰਾਜਧਾਨੀ ਖੇਤਰ ਦਿੱਲੀ (ਸੋਧ) ਬਿੱਲ ਸੰਸਦ ਵੱਲੋਂ ਪਾਸ ਕੀਤੇ ਜਾਣ ਦਾ ਹਵਾਲਾ ਦਿੰਦਿਆਂ ਕਿਹਾ ਹੈ ਕਿ ਇਹ ਘਟਨਾ ਬਹੁਤ ਜ਼ਿਆਦਾ ਫਿਕਰ ਕਰਨ ਵਾਲੀ ਹੈ। ‘ਇਸ ਕਾਨੂੰਨ ਰਾਹੀਂ ਕੇਂਦਰ ਦੀ ਭਾਜਪਾ ਸਰਕਾਰ ਨੇ ਲੋਕਾਂ ਵੱਲੋਂ ਦਿੱਲੀ ’ਚ ਚੁਣੀ ਗਈ ਸਰਕਾਰ ਤੋਂ ਸਾਰੀਆਂ ਤਾਕਤਾਂ ਖੋਹ ਕੇ ਕੇਂਦਰ ਦੇ ਨੁਮਾਇੰਦੇ ਲੈਫ਼ਟੀਨੈਂਟ ਗਵਰਨਰ ਦੇ ਹੱਥਾਂ ’ਚ ਸੌਂਪ ਦਿੱਤੀਆਂ ਹਨ। ਲੈਫ਼ਟੀਨੈਂਟ ਗਵਰਨਰ ਨੂੰ ਦਿੱਲੀ ਦਾ ਅਣਐਲਾਨਿਆ ਵਾਇਸਰਾਏ ਥਾਪ ਦਿੱਤਾ ਗਿਆ ਹੈ ਜੋ ਗ੍ਰਹਿ ਮੰਤਰੀ ਅਤੇ ਪ੍ਰਧਾਨ ਮੰਤਰੀ ਦੇ ਨੁਮਾਇੰਦੇ ਵਜੋਂ ਕੰਮ ਕਰੇਗਾ।’ ਤਿੰਨ ਪੰਨਿਆਂ ਦੀ ਇਹ ਚਿੱਠੀ ਮਮਤਾ ਬੈਨਰਜੀ ਵੱਲੋਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਐੱਨਸੀਪੀ ਦੇ ਸ਼ਰਦ ਪਵਾਰ, ਡੀਐੱਮਕੇ ਦੇ ਐੱਮ ਕੇ ਸਟਾਲਿਨ, ਸਮਾਜਵਾਦੀ ਪਾਰਟੀ ਦੇ ਅਖਿਲੇਸ਼ ਯਾਦਵ, ਆਰਜੇਡੀ ਦੇ ਤੇਜਸਵੀ ਯਾਦਵ, ਸ਼ਿਵ ਸੈਨਾ ਦੇ ਊਧਵ ਠਾਕਰੇ, ਜੇਐੱਮਐੱਮ ਦੇ ਹੇਮੰਤ ਸੋਰੇਨ, ਆਪ ਦੇ ਅਰਵਿੰਦ ਕੇਜਰੀਵਾਲ, ਬੀਜੇਡੀ ਦੇ ਨਵੀਨ ਪਟਨਾਇਕ, ਵਾਈਐੱਸਆਰ ਕਾਂਗਰਸ ਦੇ ਜਗਨ ਰੈੱਡੀ, ਨੈਸ਼ਨਲ ਕਾਨਫਰੰਸ ਦੇ ਫਾਰੂਕ ਅਬਦੁੱਲਾ, ਪੀਡੀਪੀ ਦੀ ਮਹਬਿੂਬਾ ਮੁਫ਼ਤੀ ਅਤੇ ਸੀਪੀਆਈ (ਐੱਮਐੱਲ) ਦੇ ਦੀਪਾਂਕਰ ਭੱਟਾਚਾਰੀਆ ਨੂੰ ਸੰਬੋਧਨ ਕਰਦਿਆਂ ਲਿਖੀ ਗਈ ਹੈ। ਚਿੱਠੀ ’ਚ ਉਨ੍ਹਾਂ ਕਿਹਾ ਹੈ ਕਿ ‘ਆਪ’ ਤੋਂ 2014 ਅਤੇ 2019 ’ਚ ਚੋਣਾਂ ਹਾਰਨ ਦੇ ਬਾਵਜੂਦ ਭਾਜਪਾ ਲੋਕਾਂ ਦੇ ਫ਼ਤਵੇ ਨੂੰ ਸਵੀਕਾਰ ਨਹੀਂ ਕਰ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਸਰਕਾਰ ਆਪਣੇ ਸਿਆਸੀ ਮੁਫ਼ਾਦਾਂ ਦੀ ਪੂਰਤੀ ਲਈ ਗ਼ੈਰ-ਭਾਜਪਾਈ ਪਾਰਟੀਆਂ ਦੇ ਆਗੂਆਂ ਖ਼ਿਲਾਫ਼ ਸੀਬੀਆਈ, ਈਡੀ ਅਤੇ ਹੋਰ ਜਾਂਚ ਏਜੰਸੀਆਂ ਦੀ ਦੁਰਵਰਤੋਂ ਕਰ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਸਰਕਾਰ ਗ਼ੈਰ-ਭਾਜਪਾਈ ਸਰਕਾਰਾਂ ਦੇ ਫੰਡ ਰੋਕ ਰਹੀ ਹੈ ਤਾਂ ਜੋ ਸੂਬਿਆਂ ਨੂੰ ਵਿਕਾਸ ਅਤੇ ਭਲਾਈ ਯੋਜਨਾਵਾਂ ਲਾਗੂ ਕਰਨ ’ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇ। ਕੇਂਦਰ ਸਰਕਾਰ ਵੱਲੋਂ ਕੌਮੀ ਵਿਕਾਸ ਪਰਿਸ਼ਦ, ਅੰਤਰ-ਸੂਬਾ ਪਰਿਸ਼ਦ ਅਤੇ ਯੋਜਨਾ ਕਮਿਸ਼ਨ ਨੂੰ ਖ਼ਤਮ ਕਰਨ ਦਾ ਵਿਰੋਧ ਕਰਦਿਆਂ ਕਿਹਾ ਕਿ ਸੂਬਾ ਸਰਕਾਰਾਂ ਨੂੰ ਪਹਿਲਾਂ ਆਪਣੀਆਂ ਜਾਇਜ਼ ਮੰਗਾਂ ਇਨ੍ਹਾਂ ਅਦਾਰਿਆਂ ਕੋਲ ਰੱਖੀਆਂ ਜਾਂਦੀਆਂ ਸਨ ਪਰ ਕੇਂਦਰ ਸਰਕਾਰ ਨੇ ਇਨ੍ਹਾਂ ਨੂੰ ਭੰਗ ਕਰਕੇ ਸਾਰੇ ਹੱਕ ਆਪਣੇ ਕੋਲ ਰਾਖਵੇਂ ਰੱਖ ਲਏ ਹਨ। ਉਨ੍ਹਾਂ ਕਿਹਾ ਕਿ ਭਾਜਪਾ ਨੇ ਸਵਾਲਾਂ ’ਚ ਘਿਰੇ ਵਸੀਲਿਆਂ ਤੋਂ ਬੇਅੰਤ ਸਰੋਤ ਜਮ੍ਹਾਂ ਕੀਤੇ ਹਨ ਅਤੇ ਉਹ ਪੈਸਾ ਹੁਣ ਲੋਕਾਂ ਵੱਲੋਂ ਚੁਣੀਆਂ ਗਈਆਂ ਸਰਕਾਰਾਂ ਨੂੰ ਡੇਗਣ ਜਾਂ ਆਗੂਆਂ ਦੀ ਖ਼ਰੀਦੋ-ਫਰੋਖ਼ਤ ਲਈ ਵਰਤਿਆ ਜਾ ਰਿਹਾ ਹੈ। ਉਨ੍ਹਾਂ ਮੋਦੀ ਸਰਕਾਰ ਵੱਲੋਂ ਕੌਮੀ ਅਦਾਰਿਆਂ ਦੇ ਨਿੱਜੀਕਰਨ ਨੂੰ ਵੀ ਲੋਕਤੰਤਰ ’ਤੇ ਹਮਲਾ ਕਰਾਰ ਦਿੱਤਾ ਹੈ। -ਪੀਟੀਆਈ
ਮਹਬਿੂਬਾ ਨੇ ਮਮਤਾ ਨਾਲ ਇਕਜੁੱਟਤਾ ਪ੍ਰਗਟਾਈ
ਸ੍ਰੀਨਗਰ: ਤ੍ਰਿਣਮੂਲ ਕਾਂਗਰਸ ਦੀ ਮੁਖੀ ਮਮਤਾ ਬੈਨਰਜੀ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕਰਦਿਆਂ ਪੀਡੀਪੀ ਦੀ ਪ੍ਰਧਾਨ ਮਹਬਿੂਬਾ ਮੁਫ਼ਤੀ ਨੇ ਅੱਜ ਕਿਹਾ ਕਿ ਦੇਸ਼ ਵਿੱਚ ਲੋਕਤੰਤਰ ਅਤੇ ਇਸ ਦੀਆਂ ਬਹੁਮੁੱਲੀ ਕਦਰਾਂ-ਕੀਮਤਾਂ ਦੀ ਰੱਖਿਆ ਲਈ ਸਾਰੀਆਂ ਵਿਰੋਧੀ ਪਾਰਟੀਆਂ ਦਾ ਇਕਜੁੱਟ ਹੋਣਾ ਜ਼ਰੂਰੀ ਹੈ। ਉਹ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਵੱਲੋਂ ਗੈਰ-ਭਾਜਪਾ ਸਿਆਸੀ ਆਗੂਆਂ ਨੂੰ ਲਿਖੇ ਗਏ ਪੱਤਰ ਸਬੰਧੀ ਟਿੱਪਣੀ ਕਰ ਰਹੀ ਸੀ। -ਪੀਟੀਆਈ