ਕੋਲਕਾਤਾ, 31 ਜਨਵਰੀ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਜਿਸ ਢੰਗ ਨਾਲ ਪੱਛਮੀ ਬੰਗਾਲ ਵਿਚ ਤ੍ਰਿਣਮੂਲ ਕਾਂਗਰਸ (ਟੀਐਮਸੀ) ਦੇ ਆਗੂ ਭਾਜਪਾ ਵਿਚ ਸ਼ਾਮਲ ਹੋ ਰਹੇ ਹਨ, ਵਿਧਾਨ ਸਭਾ ਚੋਣਾਂ ਦੇ ਅਖ਼ੀਰ ਤੱਕ ਪਾਰਟੀ ਵਿਚ ਮਮਤਾ ਬੈਨਰਜੀ ਇਕੱਲੀ ਹੀ ਰਹਿ ਜਾਵੇਗੀ। ਹਾਵੜਾ ਵਿਚ ਇਕ ਰੈਲੀ ਨੂੰ ਆਨਲਾਈਨ ਸੰਬੋਧਨ ਕਰਦਿਆਂ ਸ਼ਾਹ ਨੇ ਮੁੱਖ ਮੰਤਰੀ ਮਮਤਾ ਬੈਨਰਜੀ ਉਤੇ ਨਿਸ਼ਾਨਾ ਸੇਧਿਆ। ਭਾਜਪਾ ਆਗੂ ਨੇ ਕਿਹਾ ਕਿ ਮਮਤਾ ਬੈਨਰਜੀ ਦੀ ਅਗਵਾਈ ਵਾਲੀ ਸਰਕਾਰ ਕੋਲ ਮੁੱਖ ਮੰਤਰੀ ਦੇ ਭਤੀਜੇ ਨੂੰ ਅਗਲਾ ਮੁੱਖ ਮੰਤਰੀ ਬਣਾਉਣ ਤੋਂ ਇਲਾਵਾ ਹੋਰ ਕੋਈ ਏਜੰਡਾ ਨਹੀਂ ਹੈ। ਸ਼ਾਹ ਨੇ ਕਿਹਾ ਕਿ ਮੋਦੀ ਸਰਕਾਰ ‘ਜਨ ਕਲਿਆਣ’ ਲਈ ਵਚਨਬੱਧ ਹੈ। ਜਦਕਿ ਮਮਤਾ ਭਤੀਜੇ ਦੇ ਭਲੇ ਲਈ ਹੀ ਕੰਮ ਕਰ ਰਹੀ ਹੈ। ਰੈਲੀ ਵਿਚ ਮੰਚ ਉਤੇ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨਾਲ ਪੱਛਮੀ ਬੰਗਾਲ ਦੇ ਸਾਬਕਾ ਜੰਗਲਾਤ ਮੰਤਰੀ ਰਾਜੀਬ ਬੈਨਰਜੀ, ਹਾਵੜਾ ਦੇ ਬਾਲੀ ਹਲਕੇ ਦੀ ਵਿਧਾਇਕ ਬੈਸ਼ਾਲੀ ਡਾਲਮੀਆ, ਉੱਤਰਪਾਰਾ ਦੇ ਵਿਧਾਇਕ ਪ੍ਰਬੀਰ ਘੋਸ਼ਾਲ, ਹਾਵੜਾ ਦੇ ਸਾਬਕਾ ਮੇਅਰ ਰਥੀਨ ਚਕਰਵਰਤੀ ਤੇ ਬੰਗਾਲੀ ਅਦਾਕਾਰ ਰੁਦਰਨੀਲ ਘੋਸ਼ ਮੌਜੂਦ ਸਨ। ਸ਼ਾਹ ਨੇ ਦਾਅਵਾ ਕੀਤਾ ਕਿ ਭਾਜਪਾ ਬੰਗਾਲ ਵਿਚ ਬਹੁਮੱਤ ਨਾਲ ਸਰਕਾਰ ਬਣਾਏਗੀ ਤੇ ਟੀਐਮਸੀ ਦਾ ਖ਼ਾਤਮਾ ਕਰੇਗੀ। ਭਾਜਪਾ ਆਗੂ ਸ਼ੁਵੇਂਦੂ ਅਧਿਕਾਰੀ ਨੇ ਤ੍ਰਿਣਮੂਲ ਕਾਂਗਰਸ ਨੂੰ ‘ਪ੍ਰਾਈਵੇਟ ਲਿਮਿਟਡ ਕੰਪਨੀ’ ਕਰਾਰ ਦਿੱਤਾ। ਇਸ ਦੌਰਾਨ ਤ੍ਰਿਣਮੂਲ ਕਾਂਗਰਸ ਨੇ ਕਿਹਾ ਕਿ ਜੇ ਪਾਰਟੀ ਸੱਤਾ ਵਿੱਚ ਆਈ ਤਾਂ ਮਮਤਾ ਬੈਨਰਜੀ ਹੀ ਤੀਜੀ ਵਾਰ ਮੁੱਖ ਮੰਤਰੀ ਹੋਣਗੇ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਅਭਿਸ਼ੇਕ ਨੂੰ ਪੱਛਮੀ ਬੰਗਾਲ ਦਾ ਅਗਲਾ ਮੁੱਖ ਮੰਤਰੀ ਦੱਸਦੇ ਹਨ, ਉਹ ਅਸਲ ਵਿੱਚ ਦੁਚਿੱਤੀ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। -ਪੀਟੀਆਈ
ਤ੍ਰਿਣਮੂਲ ਤੇ ਆਰਜੇਡੀ ਵੱਲੋਂ ਗੱਠਜੋੜ ’ਤੇ ਵਿਚਾਰ
ਬਿਹਾਰ ਦੀ ਮੁੱਖ ਵਿਰੋਧੀ ਧਿਰ ਆਰਜੇਡੀ ਪੱਛਮੀ ਬੰਗਾਲ ਵਿਚ ਤ੍ਰਿਣਮੂਲ ਕਾਂਗਰਸ ਨਾਲ ਗੱਠਜੋੜ ਕਰ ਕੇ ਚੋਣਾਂ ਲੜਨ ਉਤੇ ਵਿਚਾਰ ਕਰ ਰਹੀ ਹੈ। ਆਰਜੇਡੀ ਦੇ ਆਗੂ ਅਬਦੁਲ ਬਾਰੀ ਸਿੱਦਿਕੀ ਨੇ ਦੱਸਿਆ ਕਿ ਪਾਰਟੀ ਜਨਰਲ ਸਕੱਤਰ ਸ਼ਿਆਮ ਰਾਜਕ ਕੋਲਕਾਤਾ ਵਿਚ ਹਨ ਤੇ ਗੱਠਜੋੜ ਬਾਰੇ ਵਿਚਾਰ-ਚਰਚਾ ਚੱਲ ਰਹੀ ਹੈ। ਰਾਜਕ ਨੇ ਮੀਡੀਆ ਨੂੰ ਦੱਸਿਆ ਕਿ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਉਹ ਭਲਕੇ ਮੁਲਾਕਾਤ ਕਰਨਗੇ। ਆਰਜੇਡੀ ਬੰਗਾਲ-ਬਿਹਾਰ ਦੀ ਹੱਦ ਉਤੇ ਕੁਝ ਸੀਟਾਂ ’ਤੇ ਚੋਣ ਲੜ ਸਕਦੀ ਹੈ। -ਪੀਟੀਆਈ