ਕੋਲਕਾਤਾ, 13 ਮਾਰਚ
ਤ੍ਰਿਣਮੂਲ ਕਾਂਗਰਸ ’ਚ ਸ਼ਾਮਲ ਹੋਏ ਸਾਬਕਾ ਕੇਂਦਰੀ ਮੰਤਰੀ ਯਸ਼ਵੰਤ ਸਿਨਹਾ ਨੇ ਦਾਅਵਾ ਕੀਤਾ ਹੈ ਕਿ ਏਅਰ ਇੰਡੀਆ ਦੇ ਆਈਸੀ 814 ਜਹਾਜ਼ ਨੂੰ ਅਤਿਵਾਦੀਆਂ ਵੱਲੋਂ ਅਗ਼ਵਾ ਕਰਨ ਮਗਰੋਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਜੇਰਾ ਦਿਖਾਇਆ ਸੀ। ਉਨ੍ਹਾਂ 24 ਦਸੰਬਰ, 1999 ਦੇ ਕੰਧਾਰ ਜਹਾਜ਼ ਅਗ਼ਵਾ ਕਾਂਡ ਨੂੰ ਚੇਤੇ ਕਰਦਿਆਂ ਕਿਹਾ ਕਿ ਮਮਤਾ ਬੈਨਰਜੀ ਨੇ ਜਹਾਜ਼ ’ਚ ਸਵਾਰ ਮੁਸਾਫ਼ਰਾਂ ਨੂੰ ਛੁਡਾਉਣ ਲਈ ਖੁਦ ਬੰਦੀ ਬਣਨ ਦੀ ਪੇਸ਼ਕਸ਼ ਕੀਤੀ ਸੀ। ਸ੍ਰੀ ਸਿਨਹਾ ਨੇ ਕਿਹਾ ਕਿ ਕਰੀਬ ਦੋ ਦਹਾਕੇ ਪਹਿਲਾਂ ਜਹਾਜ਼ ਨੂੰ ਅਗ਼ਵਾ ਕਰਕੇ ਜਦੋਂ ਕੰਧਾਰ (ਅਫ਼ਗਾਨਿਸਤਾਨ) ਲਿਜਾਇਆ ਗਿਆ ਤਾਂ ਕੈਬਨਿਟ ਮੀਟਿੰਗ ਦੌਰਾਨ ਮਮਤਾ ਬੈਨਰਜੀ ਨੇ ਪੇਸ਼ਕਸ਼ ਕੀਤੀ ਸੀ ਕਿ ਜੇਕਰ ਅਤਿਵਾਦੀ ਸਾਰੇ ਮੁਸਾਫ਼ਰਾਂ ਨੂੰ ਛੱਡ ਦੇਣ ਤਾਂ ਉਹ ਬੰਦੀ ਬਣਨ ਲਈ ਤਿਆਰ ਹੈ। ਬੰਗਾਲੀ ਆਗੂ ਦੇ ਸੋਹਲੇ ਗਾਉਂਦਿਆਂ ਉਨ੍ਹਾਂ ਕਿਹਾ ਕਿ ਮਮਤਾ ਸ਼ੁਰੂ ਤੋਂ ਹੀ ਜੁਝਾਰੂ ਰਹੀ ਹੈ ਅਤੇ ਉਸ ਨੂੰ ਮੌਤ ਤੋਂ ਵੀ ਡਰ ਨਹੀਂ ਲੱਗਦਾ ਹੈ। ਜ਼ਿਕਰਯੋਗ ਹੈ ਕਿ ਤਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ’ਚ ਯਸ਼ਵੰਤ ਸਿਨਹਾ ਵਿੱਤ ਮੰਤਰੀ ਅਤੇ ਮਮਤਾ ਬੈਨਰਜੀ ਰੇਲਵੇ ਮੰਤਰੀ ਸਨ। -ਪੀਟੀਆਈ