ਕੋਲਕਾਤਾ, 19 ਫਰਵਰੀ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੀਤੀ ਆਯੋਗ ਗਵਰਨਿੰਗ ਕੌਂਸਲ ਦੀ ਭਲਕੇ ਹੋਣ ਵਾਲੀ 6ਵੀਂ ਮੀਟਿੰਗ ’ਚੋਂ ਗੈਰਹਾਜ਼ਰ ਰਹਿ ਸਕਦੇ ਹਨ। ਸ਼ਨਿੱਚਰਵਾਰ 20 ਫਰਵਰੀ ਲਈ ਤਜਵੀਜ਼ਤ ਇਸ ਮੀਟਿੰਗ ਦੀ ਪ੍ਰਧਾਨਗੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨਗੇ। ਨੀਤੀ ਆਯੋਗ ਦੀ ਗਵਰਨਿੰਗ ਕੌਂਸਲ ਸੋਚ ਵਿਚਾਰ ਲਈ ਸਰਕਾਰ ਦੀ ਸਿਖਰਲੀ ਸੰਸਥਾ ਹੈ, ਜਿਸ ਵਿੱਚ ਸਾਰੇ ਮੁੱਖ ਮੰਤਰੀ, ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਉਪ ਰਾਜਪਾਲ, ਕਈ ਕੇਂਦਰੀ ਮੰਤਰੀ ਤੇ ਸੀਨੀਅਰ ਸਰਕਾਰੀ ਅਧਿਕਾਰੀ ਸ਼ਾਮਲ ਹਨ। ਸਰਕਾਰੀ ਬਿਆਨ ਮੁਤਾਬਕ ਪ੍ਰਧਾਨ ਮੰਤਰੀ ਦੀ ਅਗਵਾਈ ’ਚ ਹੋਣ ਵਾਲੀ ਇਸ ਮੀਟਿੰਗ ਵਿੱਚ ਖੇਤੀ, ਬੁਨਿਆਦੀ ਢਾਂਚਾ, ਉਤਪਾਦਨ ਤੇ ਮਨੁੱਖੀ ਵਸੀਲਾ ਵਿਕਾਸ ਦੇ ਮੁੱਦਿਆਂ ’ਤੇ ਚਰਚਾ ਕੀਤੀ ਜਾਵੇਗੀ। ਤ੍ਰਿਣਮੂਲ ਕਾਂਗਰਸ ਦੇ ਇਕ ਆਗੂ ਨੇ ਪਛਾਣ ਨਸ਼ਰ ਨਾ ਕਰਨ ਦੀ ਸ਼ਰਤ ’ਤੇ ਕਿਹਾ, ‘ਮਮਤਾ ਬੈਨਰਜੀ ਨੀਤੀ ਆਯੋਗ ਦੀ 20 ਫਰਵਰੀ ਨੂੰ ਹੋਣ ਵਾਲੀ ਮੀਟਿੰਗ ’ਚ ਸ਼ਾਮਲ ਨਹੀਂ ਹੋਣਗੇ।’ -ਪੀਟੀਆਈ