ਕੋਲਕਾਤਾ, 12 ਫਰਵਰੀ
ਤ੍ਰਿਣਮੂਲ ਕਾਂਗਰਸ ਦੀ ਚੇਅਰਪਰਸਨ ਮਮਤਾ ਬੈਨਰਜੀ ਨੇ ਅੱਜ ਪਾਰਟੀ ਅੰਦਰ ਪਈ ਦਰਾਰ ਨੂੰ ਪੂਰਨ ਦੇ ਮੰਤਵ ਨਾਲ 20 ਮੈਂਬਰੀ ਵਰਕਿੰਗ ਕਮੇਟੀ ਦਾ ਗਠਨ ਕਰ ਦਿੱਤਾ ਹੈ। ਬੈਨਰਜੀ ਬਾਅਦ ਵਿਚ ਪਾਰਟੀ ਦੇ ਨਵੇਂ ਅਹੁਦੇਦਾਰਾਂ ਦਾ ਐਲਾਨ ਕਰੇਗੀ। ਸੀਨੀਅਰ ਟੀਐਮਸੀ ਆਗੂ ਪਾਰਥਾ ਚੈਟਰਜੀ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਨਾਲ ਬੈਠਕ ਮਗਰੋਂ ਦੱਸਿਆ ਕਿ 20 ਮੈਂਬਰੀ ਕਮੇਟੀ ਦਾ ਗਠਨ ਵਿਵਾਦ ਦੇ ਹੱਲ ਲਈ ਕਰ ਦਿੱਤਾ ਗਿਆ ਹੈ। ਇਸ ਐਲਾਨ ਨੂੰ ਪਾਰਟੀ ’ਤੇ ਬੈਨਰਜੀ ਦੀ ਪਕੜ ਨੂੰ ਮਜ਼ਬੂਤ ਦਿਖਾਉਣ ਵਜੋਂ ਲਿਆ ਜਾ ਰਿਹਾ ਹੈ। ਪਾਰਟੀ ਦੇ ਪੁਰਾਣੇ ਤੇ ਨਵੇਂ ਆਗੂਆਂ ਵਿਚਾਲੇ ਤਾਲਮੇਲ ਬਿਠਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਚੈਟਰਜੀ ਨੇ ਦੱਸਿਆ ਕਿ ਮਮਤਾ ਦੇ ਚੇਅਰਪਰਸਨ ਚੁਣੇ ਜਾਣ ਮਗਰੋਂ ਉਨ੍ਹਾਂ ਪਾਰਟੀ ਮਾਮਲਿਆਂ ਬਾਰੇ ਇਕ ਕਮੇਟੀ ਦਾ ਐਲਾਨ ਕੀਤਾ ਸੀ। ਅੱਜ ਇਸ ਕਮੇਟੀ ਦੀ ਮੀਟਿੰਗ ਹੋਈ ਜਿਸ ਵਿਚ ਨਵੀਂ ਕੌਮੀ ਵਰਕਿੰਗ ਕਮੇਟੀ ਦਾ ਐਲਾਨ ਕੀਤਾ ਗਿਆ। ਨਵੇਂ ਅਹੁਦੇਦਾਰ ਚੁਣ ਕੇ ਹੁਣ ਸੂਚੀ ਚੋਣ ਕਮਿਸ਼ਨ ਨੂੰ ਭੇਜੀ ਜਾਵੇਗੀ। ਕੌਮੀ ਵਰਕਿੰਗ ਕਮੇਟੀ ਵਿਚ ਅਮਿਤ ਮਿਤਰਾ, ਪਾਰਥਾ ਚੈਟਰਜੀ, ਸੁਬਰਤਾ ਬਖਸ਼ੀ, ਸੁਦੀਪ ਬੰਦੋਪਾਧਿਆਏ, ਅਭਿਸ਼ੇਕ ਬੈਨਰਜੀ, ਅਨੂਬ੍ਰਤਾ ਮੌਂਡਲ, ਅਰੂਪ ਬਿਸਵਾਸ, ਫਰਹਾਦ ਹਕੀਮ ਤੇ ਯਸ਼ਵੰਤ ਸਿਨਹਾ ਸ਼ਾਮਲ ਹਨ। -ਪੀਟੀਆਈ