ਹਲਦੀਆ, 10 ਮਾਰਚ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਨੰਦੀਗ੍ਰਾਮ ਵਿਧਾਨ ਸਭਾ ਹਲਕੇ ਤੋਂ ਚੋਣ ਲੜਨ ਲਈ ਆਪਣੀ ਨਾਮਜ਼ਦਗੀ ਭਰ ਦਿੱਤੀ ਹੈ। ਇੱਥੇ ਮਮਤਾ ਦਾ ਸਾਹਮਣਾ ਆਪਣੇ ਸਾਬਕਾ ਸਾਥੀ ਤੇ ਭਾਜਪਾ ਆਗੂ ਸ਼ੁਵੇਂਦੂ ਅਧਿਕਾਰੀ ਨਾਲ ਹੋਵੇਗਾ। ਮਮਤਾ ਨੇ ਭਰੋਸਾ ਜਤਾਇਆ ਕਿ ਉਹ ਇਸ ਸੀਟ ਤੋਂ ਜਿੱਤੇਗੀ ਕਿਉਂਕਿ ਖੇਤੀ ਵਾਲੀ ਜ਼ਮੀਨ ਗ੍ਰਹਿਣ ਕਰਨ ਖ਼ਿਲਾਫ਼ ਅੰਦੋਲਨ ਚਲਾਉਣ ਵਾਲੀ ਇਸ ਧਰਤੀ ਨੇ ਉਸ ਨੂੰ ਕਦੇ ਖਾਲੀ ਹੱਥ ਨਹੀਂ ਮੋੜਿਆ। ਕਾਗਜ਼ ਦਾਖ਼ਲ ਕਰਨ ਵੇਲੇ ਬੈਨਰਜੀ ਦੇ ਨਾਲ ਟੀਐਮਸੀ ਪ੍ਰਧਾਨ ਸੁਬਰਤਾ ਬਖ਼ਸ਼ੀ ਵੀ ਸਨ। ਦੋ ਕਿਲੋਮੀਟਰ ਰੋਡ ਸ਼ੋਅ ਕਰਨ ਤੋਂ ਬਾਅਦ ਮਮਤਾ ਨੇ ਹਲਦੀਆ ਸਬ-ਡਿਵੀਜ਼ਨ ਦਫ਼ਤਰ ਵਿਚ ਆਪਣੀ ਨਾਮਜ਼ਦਗੀ ਭਰੀ। ਕਾਗਜ਼ ਦਾਖ਼ਲ ਕਰਨ ਤੋਂ ਪਹਿਲਾਂ ਮਮਤਾ ਨੇ ਇਕ ਮੰਦਰ ਵਿਚ ਪ੍ਰਾਰਥਨਾ ਵੀ ਕੀਤੀ। ਨਾਮਜ਼ਦਗੀ ਭਰਨ ਤੋਂ ਬਾਅਦ ਵੀ ਉਸ ਨੇ ਮੱਥਾ ਟੇਕਿਆ। ਮਮਤਾ ਬੈਨਰਜੀ ਨੇ ਕਿਹਾ ਕਿ ਉਹ ਭਵਾਨੀਪੁਰ ਸੀਟ ਤੋਂ ਵੀ ਅਸਾਨੀ ਨਾਲ ਲੜ ਸਕਦੀ ਸੀ ਪਰ ਉਸ ਨੂੰ ਭਰੋਸਾ ਹੈ ਕਿ ਨੰਦੀਗ੍ਰਾਮ ਤੋਂ ਜਿੱਤ ਮਿਲੇਗੀ। ਜ਼ਿਕਰਯੋਗ ਹੈ ਕਿ ਸਿੰਗੂਰ-ਨੰਦੀਗ੍ਰਾਮ ਖੇਤਰ ਵਿਚ ਖੇਤੀਯੋਗ ਜ਼ਮੀਨ ਗ੍ਰਹਿਣ ਕੀਤੇ ਜਾਣ ਖ਼ਿਲਾਫ਼ ਚੱਲੇ ਅੰਦੋਲਨ ਨੇ ਹੀ ਮਮਤਾ ਬੈਨਰਜੀ ਨੂੰ 2011 ਵਿਚ ਸੱਤਾ ’ਚ ਲਿਆਂਦਾ ਸੀ। ਮੁੱਖ ਮੰਤਰੀ ਬੈਨਰਜੀ ਨੇ ਕਿਹਾ ਕਿ ਇਸ ਇਲਾਕੇ ਨੂੰ ਧਾਰਮਿਕ ਪੱਖ ਤੋਂ ਕਦੇ ਨਹੀਂ ਵੰਡਿਆ ਜਾ ਸਕਦਾ। ਅੰਦੋਲਨ ਵਿਚ ਸਾਰੇ ਫ਼ਿਰਕਿਆਂ ਨੇ ਸ਼ਮੂਲੀਅਤ ਕੀਤੀ ਸੀ। ਇਸ ਦੌਰਾਨ ਭਾਜਪਾ ਆਗੂ ਸ਼ੁਵੇਂਦੂ ਅਧਿਕਾਰੀ ਨੇ ਮਮਤਾ ਨੂੰ ਨੰਦੀਗ੍ਰਾਮ ਵਿਚ ਬਾਹਰੋਂ ਆਈ ਉਮੀਦਵਾਰ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਚਿੱਟ ਫੰਡ ਕੰਪਨੀਆਂ ਵੱਲੋਂ ਧੋਖੇ ਦਾ ਸ਼ਿਕਾਰ ਬਣਾਏ ਗਏ ਲੋਕਾਂ ਨੂੰ ਪੈਸਾ ਉਦੋਂ ਹੀ ਵਾਪਸ ਮਿਲੇਗਾ ਜਦ ਭਾਜਪਾ ਸੱਤਾ ਵਿਚ ਆਵੇਗੀ।
-ਪੀਟੀਆਈ
ਭਾਜਪਾ ਵੱਲੋਂ ਅਸਾਮ ਤੇ ਬੰਗਾਲ ਤੋਂ ਹੋਰ ਉਮੀਦਵਾਰਾਂ ਦਾ ਐਲਾਨ
ਨਵੀਂ ਦਿੱਲੀ: ਭਾਜਪਾ ਨੇ ਅੱਜ ਅਸਾਮ ਲਈ ਤਿੰਨ ਤੇ ਬੰਗਾਲ ਲਈ ਦੋ ਹੋਰ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਦੋਵਾਂ ਸੂਬਿਆਂ ਵਿਚ ਇਨ੍ਹਾਂ ਪੰਜ ਸੀਟਾਂ ਲਈ ਵੋਟਾਂ ਪਹਿਲੀ ਅਪਰੈਲ ਨੂੰ ਦੂਜੇ ਗੇੜ ਵਿਚ ਪੈਣਗੀਆਂ। ਭਾਜਪਾ ਦੀ ਕੇਂਦਰੀ ਚੋਣ ਕਮੇਟੀ ਨੇ ਦੱਸਿਆ ਕਿ ਅਸਾਮ ਵਿਚ ਮਿਲਨ ਦਾਸ, ਪਰਮਨੰਦ ਰਾਜਬੋਂਗਸ਼ੀ ਤੇ ਰਾਮਕ੍ਰਿਸ਼ਨ ਘੋਸ਼ ਨੂੰ ਉਮੀਦਵਾਰ ਐਲਾਨਿਆ ਗਿਆ ਹੈ। ਜਦਕਿ ਪੱਛਮੀ ਬੰਗਾਲ ਤੋਂ ਭਾਜਪਾ ਨੇ ਹਿਰਨਮੋਏ ਚੱਟੋਪਾਧਿਆਏ ਨੂੰ ਖੜਗਪੁਰ ਤੇ ਸੁਪਰਿਤੀ ਚੈਟਰਜੀ ਨੂੰ ਬਰਜੋਰਾ ਤੋਂ ਉਮੀਦਵਾਰ ਐਲਾਨਿਆ ਹੈ।
-ਆਈਏਐਨਐੱਸ
ਚੋਣ ਨਿਗਰਾਨਾਂ ਵੱਲੋਂ ਮੁੱਖ ਸਕੱਤਰ ਨਾਲ ਮੁਲਾਕਾਤ
ਪੱਛਮੀ ਬੰਗਾਲ ਦੀਆਂ ਚੋਣਾਂ ਲਈ ਵਿਸ਼ੇਸ਼ ਨਿਗਰਾਨ ਲਾਏ ਗਏ ਅਜੈ ਨਾਇਕ ਤੇ ਵਿਵੇਕ ਦੂਬੇ ਨੇ ਅੱਜ ਮੁੱਖ ਸਕੱਤਰ ਅਲਾਪਨ ਬੰਦੋਪਾਧਿਆਏ ਤੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਰਾਜ ਵਿਚ ਕਾਨੂੰਨ-ਵਿਵਸਥਾ ਦੀ ਸਥਿਤੀ ਉਤੇ ਵਿਚਾਰ-ਚਰਚਾ ਕੀਤੀ ਗਈ। ਨਿਗਰਾਨ ਪੁਲੀਸ ਅਧਿਕਾਰੀਆਂ ਨਾਲ ਵੀ ਮੁਲਾਕਾਤ ਕਰਨਗੇ।