ਕੇਤੂਗ੍ਰਾਮ: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵੱਲੋਂ ਕੇਂਦਰੀ ਬਲਾਂ ਦੇ ਘਿਰਾਓ ਦੇ ਦਿੱਤੇ ਗਏ ਬਿਆਨ ਦੀ ਨਿਖੇਧੀ ਕਰਦਿਆਂ ਭਾਜਪਾ ਪ੍ਰਧਾਨ ਜੇ ਪੀ ਨੱਡਾ ਨੇ ਕਿਹਾ ਕਿ ਉਹ ਮੁਲਕ ਦੇ ਸੰਵਿਧਾਨ ਦੀ ਰੱਖਿਆ ਕਰਨ ’ਚ ਨਾਕਾਮ ਰਹੀ। ਪੂਰਬੀ ਬਰਧਮਾਨ ਜ਼ਿਲ੍ਹੇ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦਾਅਵਾ ਕੀਤਾ ਕਿ ਮਮਤਾ ਸਰਕਾਰ ਨੇ ਮਹਿਲਾਵਾਂ ਦੀ ਸੁਰੱਖਿਆ ਲਈ ਕੁਝ ਵੀ ਨਹੀਂ ਕੀਤਾ ਅਤੇ ਸੂਬੇ ’ਚ ਜਬਰ-ਜਨਾਹ, ਤੇਜ਼ਾਬ ਹਮਲੇ ਅਤੇ ਘਰੇਲੂ ਹਿੰਸਾ ਨਾਲ ਸਬੰਧਤ ਵੱਡੀ ਗਿਣਤੀ ’ਚ ਕੇਸ ਸਾਹਮਣੇ ਆਏ ਹਨ। ‘ਉਹ ਮਾਂ, ਮਾਟੀ ਅਤੇ ਮਾਨੁਸ਼ ਦੀ ਗੱਲ ਕਰਦੀ ਹੈ ਪਰ ਮਾਂ ’ਤੇ ਹਮਲੇ ਹੋ ਰਹੇ ਹਨ। ਉਸ ਦੀ ਸਰਕਾਰ ਨੇ ਕੇਂਦਰ ਨੂੰ ਅਪਰਾਧਿਕ ਰਿਕਾਰਡ ਨਹੀਂ ਭੇਜਿਆ ਜਿਸ ਤੋਂ ਸਪੱਸ਼ਟ ਹੈ ਕਿ ਸੂਬੇ ’ਚ ਔਰਤਾਂ ਖ਼ਿਲਾਫ਼ ਤਸ਼ੱਦਦ ਦੇ ਵਧੇਰੇ ਕੇਸ ਹਨ।’ ਸੂਬੇ ’ਚ ਖੇਤੀ ਨਾਲ ਸਬੰਧਤ ਢਾਂਚਾ ਨਾ ਉਸਾਰੇ ਜਾਣ ਲਈ ਮਮਤਾ ਬੈਨਰਜੀ ਨੂੰ ਘੇਰਦਿਆਂ ਉਨ੍ਹਾਂ ਕਿਹਾ ਕਿ ਇਹ ਇਲਾਕਾ ਝੋਨੇ ਅਤੇ ਆਲੂ ਲਈ ਜਾਣਿਆ ਜਾਂਦਾ ਹੈ ਪਰ ਕਿਸਾਨਾਂ ਨੂੰ ਉਨ੍ਹਾਂ ਦੀ ਫ਼ਸਲ ਦਾ ਸਹੀ ਮੁੱਲ ਨਹੀਂ ਮਿਲਦਾ ਹੈ। ‘ਮਾਟੀ’ ਨਾਅਰੇ ਲਈ ਮੁੱਖ ਮੰਤਰੀ ਦੀ ਨਿੰਦਾ ਕਰਦਿਆਂ ਉਨ੍ਹਾਂ ਕਿਹਾ ਕਿ ਇਥੇ ਕੋਲਡ ਸਟੋਰੇਜ ਅਤੇ ਵੇਅਰਹਾਊਸਾਂ ਦੀ ਵੱਡੀ ਕਮੀ ਹੈ ਅਤੇ ਵਿਚੋਲੀਏ ਕਿਸਾਨਾਂ ਦਾ ਸ਼ੋਸ਼ਣ ਕਰ ਰਹੇ ਹਨ। ਸ੍ਰੀ ਨੱਡਾ ਨੇ ‘ਮਾਨੁਸ਼’ ਨੂੰ ਕੇਂਦਰੀ ਯੋਜਨਾਵਾਂ ਤੋਂ ਵਾਂਝੇ ਰੱਖਣ ਲਈ ਵੀ ਤ੍ਰਿਣਮੂਲ ਕਾਂਗਰਸ ਸੁਪਰੀਮੋ ਨੂੰ ਭੰਡਿਆ। -ਪੀਟੀਆਈ