ਇੰਦੌਰ, 5 ਮਈ
ਕਾਂਗਰਸ ਦੇ ਸੀਨੀਅਰ ਆਗੂ ਕਮਲਨਾਥ ਨੇ ਅੱਜ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ‘ਦੇਸ਼ ਦੀ ਆਗੂ’ ਵਜੋਂ ਪੇਸ਼ ਕੀਤਾ, ਜਿਨ੍ਹਾਂ ਨੇ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਏਜੰਸੀਆਂ ਸੀਬੀਆਈ ਤੇ ਈਡੀ ਸਣੇ ਸਾਰੇ ਵਿਰੋਧੀਆਂ ਨੂੰ ਮਾਤ ਦਿੱਤੀ ਹੈ। ਪੱਤਰਕਾਰਾਂ ਵੱਲੋਂ ਟੀਐੱਮਸੀ ਸੁਪਰੀਮੋ ਨੂੰ ਲੋਕ ਸਭਾ ਚੋਣਾਂ-2024 ਦੌਰਾਨ ਨਰਿੰਦਰ ਮੋਦੀ ਖ਼ਿਲਾਫ਼ ਉਤਾਰਨ ਦੀ ਸੰਭਾਵਨਾ ਬਾਰੇ ਪੁੱਛੇ ਜਾਣ ’ਤੇ ਮੱਧ ਪ੍ਰਦੇਸ਼ ਕਾਂਗਰਸ ਪ੍ਰਧਾਨ ਕਮਲਨਾਥ ਨੇ ਕਿਹਾ ਕਿ ਸਾਂਝੇ ਜਮਹੂਰੀ ਗੱਠਜੋੜ (ਯੂਪੀਏ) ਵੱਲੋਂ ਸਹੀ ਸਮਾਂ ਆਉਣ ’ਤੇ ਚੁਣਾਵੀ ਚਿਹਰੇ ਬਾਰੇ ਫ਼ੈਸਲਾ ਲਿਆ ਜਾਵੇਗਾ। ਉਨ੍ਹਾਂ ਕਿਹਾ, ‘‘ਬੈਨਰਜੀ ਅੱਜ ਦੇਸ਼ ਦੀ ਲੀਡਰ ਹੈ। ਉਹ ਲਗਾਤਾਰ ਤੀਜੀ ਵਾਰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਬਣੀ ਹੈ। ਉਹ ਵਿਧਾਨ ਸਭਾ ਚੋਣਾਂ ਦੌਰਾਨ ਸਖ਼ਤ ਟੱਕਰ ਦੇਣ ਮਗਰੋਂ ਇਸ ਮੁਕਾਮ ’ਤੇ ਪਹੁੰਚੀ ਹੈ।’’ ਕਮਲਨਾਥ ਨੇ ਕਿਹਾ ਕਿ ਬੈਨਰਜੀ ਨੇ ਕੇਂਦਰ ਸਰਕਾਰ, ਪ੍ਰਧਾਨ ਮੰਤਰੀ ਮੋਦੀ, ਉਨ੍ਹਾਂ ਦੇ ਮੰਤਰੀਆਂ, ਸੀਬੀਆਈ, ਈਡੀ ਅਤੇ ਇਨਕਮ ਟੈਕਸ ਵਿਭਾਗ ਖ਼ਿਲਾਫ਼ ਲੜਾਈ ਲੜੀ ਹੈ। -ਪੀਟੀਆਈ