ਕੋਲਕਾਤਾ: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਕੋਲਕਾਤਾ ਹਾਈ ਕੋਰਟ ਦਾ ਰੁਖ਼ ਕਰਦਿਆਂ ਸ਼ੁਵੇਂਦੂ ਅਧਿਕਾਰੀ ਖ਼ਿਲਾਫ਼ ਚੋਣ ਪਟੀਸ਼ਨ ਦਾਖ਼ਲ ਕੀਤੀ ਹੈ। ਟੀਐੱਮਸੀ ਸੁਪਰੀਮੋ ਵੱਲੋਂ ਦਾਇਰ ਪਟੀਸ਼ਨ ’ਤੇ ਇਕਹਿਰੇ ਬੈਂਚ ਵੱਲੋਂ ਭਲਕੇ ਸ਼ੁੱਕਰਵਾਰ ਨੂੰ ਸੁਣਵਾਈ ਕੀਤੀ ਜਾਵੇਗੀ। ਹਾਈ ਕੋਰਟ ਵੱਲੋਂ ਆਪਣੀ ਵੈੱਬਸਾਈਟ ’ਤੇ ਜਾਰੀ ਕੇਸਾਂ ਦੀ ਸੂਚੀ ਮੁਤਾਬਕ ਜਸਟਿਸ ਕੌਸ਼ਿਕ ਚੰਦਰਾ ਦਾ ਬੈਂਚ ਵੀਡੀਓ ਕਾਨਫਰੰਸਿੰਗ ਜ਼ਰੀਏ ਸੁਣਵਾਈ ਕਰੇਗਾ। ਅਸੈਂਬਲੀ ਚੋਣਾਂ ਦੌਰਾਨ ਚੋਣ ਕਮਿਸ਼ਨ ਨੇ ਨੰਦੀਗ੍ਰਾਮ ਤੋਂ ਅਧਿਕਾਰੀ ਨੂੰ ਜੇਤੂ ਐਲਾਨਿਆ ਸੀ। ਅਧਿਕਾਰੀਆਂ ਨੇ ਈਵੀਐੱਮਜ਼ ਨਾਲ ਕਥਿਤ ਛੇੜਖਾਨੀ ਦੇ ਦਾਅਵੇ ਤੇ ਵੋਟਾਂ ਦੀ ਗਿਣਤੀ ਮੁੜ ਕਰਵਾਏ ਜਾਣ ਦੀ ਮਮਤਾ ਦੀ ਮੰਗ ਨੂੰ ਖਾਰਜ ਕਰ ਦਿੱਤਾ ਸੀ। -ਪੀਟੀਆਈ