ਕੋਲਕਾਤਾ, 16 ਜਨਵਰੀ
ਦਿੱਲੀ ਵਿਚ ਹੋਣ ਵਾਲੀ ਆਗਾਮੀ ਗਣਤੰਤਰ ਦਿਵਸ ਪਰੇਡ ’ਚੋਂ ਪੱਛਮੀ ਬੰਗਾਲ ਦੀ ਝਾਕੀ ਹਟਾਏ ਜਾਣ ’ਤੇ ਨਾਰਾਜ਼ਗੀ ਜ਼ਾਹਰ ਕਰਦਿਆਂ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਇਸ ਫ਼ੈਸਲੇ ’ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਫ਼ੈਸਲੇ ਨਾਲ ਸੂਬੇ ਦੇ ਲੋਕ ਨਿਰਾਸ਼ ਹੋਣਗੇ। ਪੱਛਮੀ ਬੰਗਾਲ ਦੀ ਝਾਕੀ ਵਿਚ ਆਜ਼ਾਦੀ ਘੁਲਾਟੀਆਂ ਦੇ ਯੋਗਦਾਨ ਨੂੰ ਦਰਸਾਇਆ ਜਾਣਾ ਸੀ। ਬੈਨਰਜੀ ਨੇ ਕਿਹਾ ਕਿ ਪਰੇਡ ’ਚੋਂ ਝਾਕੀ ਹਟਾਉਣ ਦਾ ਕੋਈ ਕਾਰਨ ਵੀ ਨਹੀਂ ਦਿੱਤਾ ਗਿਆ ਹੈ।
ਮੋਦੀ ਨੂੰ ਲਿਖੇ ਦੋ ਪੰਨਿਆਂ ਦੇ ਪੱਤਰ ਵਿਚ ਬੈਨਰਜੀ ਨੇ ਕਿਹਾ, ‘‘ਮੈਂ ਭਾਰਤ ਸਰਕਾਰ ਦੇ ਆਗਾਮੀ ਗਣਤੰਤਰ ਦਿਵਸ ਪਰੇਡ ’ਚੋਂ ਪੱਛਮੀ ਬੰਗਾਲ ਸਰਕਾਰ ਦੀ ਪ੍ਰਸਤਾਵਿਤ ਝਾਕੀ ਨੂੰ ਅਚਾਨਕ ਬਾਹਰ ਕੀਤੇ ਜਾਣ ਦੇ ਫ਼ੈਸਲੇ ਨਾਲ ਹੈਰਾਨ ਅਤੇ ਨਿਰਾਸ਼ ਹਾਂ। ਇਹ ਸਾਡੇ ਲਈ ਹੋਰ ਵੀ ਪ੍ਰੇਸ਼ਾਨੀ ਵਾਲੀ ਗੱਲ ਹੈ ਕਿ ਝਾਕੀ ਨੂੰ ਬਿਨਾ ਕੋਈ ਕਾਰਨ ਦੱਸੇ ਹਟਾ ਦਿੱਤਾ ਗਿਆ।’’ ਮੁੱਖ ਮੰਤਰੀ ਨੇ ਕਿਹਾ ਕਿ ਪ੍ਰਸਤਾਵਿਤ ਝਾਕੀ ਨੇਤਾਜੀ ਸੁਭਾਸ਼ ਚੰਦਰ ਬੋਸ ਦੀ 125ਵੀਂ ਜੈਅੰਤੀ ਵਾਲੇ ਸਾਲ ਵਿਚ ਉਨ੍ਹਾਂ ਦੇ ਅਤੇ ਆਜ਼ਾਦ ਹਿੰਦ ਫ਼ੌਜ ਦੇ ਯੋਗਦਾਨ ਦੀ ਯਾਦਗਾਰ ਵਿਚ ਬਣਾਈ ਗਈ ਸੀ। ਬੈਨਰਜੀ ਨੇ ਪੱਤਰ ਵਿਚ ਕਿਹਾ, ‘‘ਮੈਂ ਤੁਹਾਨੂੰ ਸੂਚਿਤ ਕਰਨਾ ਚਾਹੁੰਦੀ ਹਾਂ ਕਿ ਪੱਛਮੀ ਬੰਗਾਲ ਦੇ ਲੋਕ ਕੇਂਦਰ ਸਕਰਾਰ ਦੇ ਇਸ ਰਵੱਈਏ ਨਾਲ ਬਹੁਤ ਨਿਰਾਸ਼ ਹਨ। ਇਹ ਜਾਣ ਕੇ ਹੈਰਾਨੀ ਹੁੰਦੀ ਹੈ ਕਿ ਇੱਥੋਂ ਦੇ ਬਹਾਦਰ ਸੁਤੰਤਰਤਾ ਸੈਨਾਨੀਆਂ ਦੇ ਯੋਗਦਾਨ ਨੂੰ ਸੁਤੰਤਰਤਾ ਦੇ 75ਵੇਂ ਸਾਲ ’ਤੇ ਗਣਤੰਤਰ ਦਿਵਸ ਸਮਾਰੋਹ ਵਿਚ ਇਸ ਮੌਕੇ ਨੂੰ ਮਨਾਉਣ ਲਈ ਕੋਈ ਜਗ੍ਹਾ ਨਹੀਂ ਮਿਲੀ ਹੈ।’’ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰ ਵਿਚ ਕਿਹਾ, ‘‘ਮੈਂ ਤੁਹਾਨੂੰ ਇਸ ਫ਼ੈਸਲੇ ’ਤੇ ਮੁੜ ਵਿਚਾਰ ਕਰਨ ਅਤੇ ਆਜ਼ਾਦੀ ਦੇ 75ਵੇਂ ਸਾਲ ’ਚ ਗਣਤੰਤਰ ਦਿਵਸ ਪਰੇਡ ਵਿਚ ਪੱਛਮੀ ਬੰਗਾਲ ਦੇ ਆਜ਼ਾਦੀ ਘੁਲਾਟੀਆਂ ਦੀ ਝਾਕੀ ਨੂੰ ਸ਼ਾਮਲ ਕਰਨ ਦੀ ਅਪੀਲ ਕਰਦੀ ਹਾਂ।’’ ਉੱਧਰ, ਕਾਂਗਰਸ ਨੇ ਵੀ ਝਾਕੀ ਹਟਾਏ ਜਾਣ ’ਤੇ ਹੈਰਾਨੀ ਪ੍ਰਗਟਾਈ ਹੈ। ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਅਧੀਰ ਰੰਜਨ ਚੌਧਰੀ ਨੇ ਵੀ ਇਸ ਮੁੱਦੇ ’ਤੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖਿਆ ਹੈ। -ਪੀਟੀਆਈ