ਪੱਤਰ ਪ੍ਰੇਰਕ
ਨਵੀਂ ਦਿੱਲੀ, 25 ਜੁਲਾਈ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਤ੍ਰਿਣਮੂਲ ਕਾਂਗਰਸ ਦੀ ਸੁਪਰੀਮੋ ਮਮਤਾ ਬੈਨਰਜੀ ਸੋਮਵਾਰ ਨੂੰ ਦਿੱਲੀ ਦੌਰੇ ’ਤੇ ਆਉਣਗੇ। ਉਨ੍ਹਾਂ ਦੇ ਇਸ ਦੌਰੇ ਨੂੰ ਆਮ ਚੋਣਾਂ ਲਈ ਰਣਨੀਤੀ ਬਣਾਉਣ ਵਜੋਂ ਅਹਿਮ ਮੰਨਿਆ ਜਾ ਰਿਹਾ ਹੈ। ਆਪਣੇ ਦੌਰੇ ਦੌਰਾਨ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨਾਲ ਵੀ ਮੁਲਾਕਾਤ ਕਰ ਸਕਦੇ ਹਨ। ਦੌਰੇ ਦੇ ਆਖ਼ਰੀ ਦਿਨ ਟੀਐੱਮਸੀ ਮੁਖੀ ਦੀ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਵਿਰੋਧੀ ਧਿਰ ਦੇ ਹੋਰ ਨੇਤਾਵਾਂ ਨਾਲ ਮੁਲਾਕਾਤ ਹੋਣ ਦੀ ਵੀ ਸੰਭਾਵਨਾ ਹੈ। ਟੀਐੱਮਸੀ ਮੁਤਾਬਕ ਆਮ ਚੋਣਾਂ ਲਈ ਰਣਨੀਤੀ ਦੀ ਯੋਜਨਾ ਹੁਣੇ ਤੋਂ ਹੀ ਸ਼ੁਰੂ ਕੀਤੀ ਜਾਣੀ ਚਾਹੀਦੀ ਹੈ ਅਤੇ ਪਾਰਟੀ 2 ਮਈ ਨੂੰ ਪੱਛਮੀ ਬੰਗਾਲ ਦੀਆਂ ਵਿਧਾਨ ਸਭਾ ਚੋਣਾਂ ’ਚ ਮਿਲੀ ਜਿੱਤ ਮਗਰੋਂ ਹੀ ਇਸ ਦਿਸ਼ਾ ਵੱਲ ਕੰਮ ਕਰਨ ਲੱਗ ਪਈ ਹੈ। ਦਿੱਲੀ ਫੇਰੀ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਸੰਸਦ ਮੈਂਬਰ ਸੁਦੀਪ ਬੰਦੋਪਾਧਿਆਏ ਦੀ ਥਾਂ ’ਤੇ ਮਮਤਾ ਬੈਨਰਜੀ ਨੂੰ ਟੀਐੱਮਸੀ ਦੇ ਸੰਸਦੀ ਆਗੂ ਵਜੋਂ ਤਾਇਨਾਤ ਕੀਤਾ ਗਿਆ ਹੈ। ਇਹ ਕਦਮ ਉਸ ਸਮੇਂ ਉਠਾਇਆ ਗਿਆ ਜਦੋਂ ਤ੍ਰਿਣਮੂਲ ਦੇ ਸੰਸਦ ਮੈਂਬਰ ਡਾਕਟਰ ਸ਼ਾਂਤਨੂੰ ਸੈਨ ਨੂੰ ਸੰਸਦ ਦੇ ਬਾਕੀ ਰਹਿੰਦੇ ਮੌਨਸੂਨ ਇਜਲਾਸ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਦਿੱਲੀ ਵਿੱਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਰਾਜ ਸਭਾ ਮੈਂਬਰ ਡੈਰੇਕ ਓ’ਬ੍ਰਾਇਨ ਨੇ ਕਿਹਾ ਕਿ ਮਮਤਾ ਬੈਨਰਜੀ ਲੰਬੇ ਸਮੇਂ ਤੋਂ ਟੀਐੱਮਸੀ ਪਾਰਲੀਮਾਨੀ ਪਾਰਟੀ ਪਿੱਛੇ ਮਾਰਗ ਦਰਸ਼ਕ ਵਜੋਂ ਤਾਇਨਾਤ ਰਹੀ।