ਕੋਲਕਾਤਾ, 14 ਸਤੰਬਰ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਸੂਬੇ ਦੇ 8 ਹਜ਼ਾਰ ਤੋਂ ਵੱਧ ਸਨਾਤਨ ਬ੍ਰਾਹਮਣ ਪੁਜਾਰੀਆਂ ਲਈ 1,000 ਰੁਪਏ ਦੇ ਮਾਸਿਕ ਭੱਤੇ ਅਤੇ ਮੁਫ਼ਤ ਰਿਹਾਇਸ਼ ਦੇਣ ਦਾ ਐਲਾਨ ਕੀਤਾ ਹੈ। ਇਹ ਫ਼ੈਸਲਾ 2021 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਲਿਆ ਗਿਆ ਹੈ। ਮੁੱਖ ਮੰਤਰੀ ਨੇ ਕਿਹਾ,‘ਅਸੀਂ ਇਸ ਤੋਂ ਪਹਿਲਾਂ ਕੋਲਾਘਾਟ ’ਚ ਇੱਕ ਅਕੈਡਮੀ ਸਥਾਪਤ ਕਰਨ ਲਈ ਸਨਾਤਨ ਬ੍ਰਾਹਮਣਾਂ ਨੂੰ ਜ਼ਮੀਨ ਮੁਹੱਈਆ ਕਰਵਾਈ ਹੈ। ਇਸ ਵਰਗ ਦੇ ਕਈ ਲੋਕ ਵਿੱਤੀ ਤੌਰ ’ਤੇ ਕਮਜ਼ੋਰ ਹਨ। ਅਸੀਂ ਇਨ੍ਹਾਂ ਨੂੰ ਸੂਬਾ ਸਰਕਾਰ ਦੀ ਹਾਊਸਿੰਗ ਸਕੀਮ ਤਹਿਤ ਪ੍ਰਤੀ ਮਹੀਨਾ 1,000 ਰੁਪਏ ਦਾ ਭੱਤਾ ਅਤੇ ਮੁਫ਼ਤ ਰਿਹਾਇਸ਼ ਦੇਣ ਦਾ ਫ਼ੈਸਲਾ ਕੀਤਾ ਹੈ।’ ਉਨ੍ਹਾਂ ‘ਹਿੰਦੀ ਦਿਵਸ’ ਦੀ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਸਾਰੀਆਂ ਭਾਸ਼ਾਵਾਂ ਦਾ ਸਤਿਕਾਰ ਕਰਦੀ ਹੈ। -ਪੀਟੀਆਈ