ਮੁੰਬਈ: ਇਥੋਂ ਦੀ ਵਿਸ਼ੇਸ਼ ਅਦਾਲਤ ਨੇ ਮਹਾਰਾਸ਼ਟਰ ਦੇ ਮੰਤਰੀ ਨਵਾਬ ਮਲਿਕ ਅਤੇ ਸਾਬਕਾ ਮੰਤਰੀ ਅਨਿਲ ਦੇਸ਼ਮੁਖ ਵੱਲੋਂ ਰਾਜ ਸਭਾ ਚੋਣਾਂ ਲਈ ਵੋਟ ਪਾਉਣ ਵਾਸਤੇ ਇਕ ਦਿਨ ਦੀ ਜ਼ਮਾਨਤ ਦੀ ਮੰਗ ਵਾਲੀਆਂ ਅਰਜ਼ੀਆਂ ਰੱਦ ਕਰ ਦਿੱਤੀਆਂ ਹਨ। ਰਾਜ ਸਭਾ ਚੋਣਾਂ ਲਈ ਵੋਟਾਂ ਭਲਕੇ ਸ਼ੁੱਕਰਵਾਰ ਨੂੰ ਪੈਣੀਆਂ ਹਨ। ਐੱਨਸੀਪੀ ਆਗੂ ਦੇਸ਼ਮੁਖ ਅਤੇ ਮਲਿਕ ਇਸ ਸਮੇਂ ਜੇਲ੍ਹ ’ਚ ਬੰਦ ਹਨ। ਦੋਵੇਂ ਆਗੂਆਂ ਨੇ ਪਿਛਲੇ ਹਫ਼ਤੇ ਆਰਜ਼ੀ ਜ਼ਮਾਨਤ ਦੀ ਮੰਗ ਕਰਦਿਆਂ ਵਿਸ਼ੇਸ਼ ਜੱਜ ਆਰ ਐੱਨ ਰੋਕਾਡੇ ਕੋਲ ਅਰਜ਼ੀਆਂ ਦਾਖ਼ਲ ਕੀਤੀਆਂ ਸਨ। ਈਡੀ ਨੇ ਉਨ੍ਹਾਂ ਦੀਆਂ ਅਰਜ਼ੀਆਂ ਦਾ ਵਿਰੋਧ ਕਰਦਿਆਂ ਕਿਹਾ ਸੀ ਕਿ ਜਨ ਪ੍ਰਤੀਨਿਧ ਐਕਟ ਤਹਿਤ ਜੇਲ੍ਹ ’ਚ ਬੰਦ ਵਿਅਕਤੀਆਂ ਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਹੈ। ਦੇਸ਼ਮੁਖ ਅਤੇ ਮਲਿਕ ਨੂੰ ਈਡੀ ਨੇ ਕਾਲੇ ਧਨ ਨੂੰ ਸਫ਼ੈਦ ਬਣਾਉਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਸੀ। -ਪੀਟੀਆਈ