ਮੁੰਬਈ, 24 ਨਵੰਬਰ
ਸਾਲ 2008 ਵਿਚ ਮਾਲੇਗਾਓਂ ’ਚ ਹੋਏ ਧਮਾਕੇ ਦੇ ਕੇਸ ਦੀ ਮੁਲਜ਼ਮ ਭਾਰਤੀ ਜਨਤਾ ਪਾਰਟੀ ਦੀ ਸੰਸਦ ਮੈਂਬਰ ਪ੍ਰਗਿਆ ਸਿੰਘ ਠਾਕੁਰ ਅੱਜ ਇੱਥੇ ਐੱਨਆਈਏ ਦੀ ਵਿਸ਼ੇਸ਼ ਅਦਾਲਤ ਵਿਚ ਪੇਸ਼ ਹੋਈ। ਪ੍ਰਗਿਆ ਠਾਕੁਰ ਜੋ ਕਿ ਜ਼ਮਾਨਤ ’ਤੇ ਜੇਲ੍ਹ ਤੋਂ ਬਾਹਰ ਹੈ, ਇਸ ਤੋਂ ਪਹਿਲਾਂ ਆਖ਼ਰੀ ਵਾਰ ਜਨਵਰੀ 2021 ਵਿਚ ਅਦਾਲਤ ’ਚ ਪੇਸ਼ ਹੋਈ ਸੀ।
ਇਸ ਤੋਂ ਪਹਿਲਾਂ ਦਿਨ ਵਿਚ ਪ੍ਰਗਿਆ ਠਾਕੁਰ ਦੇ ਵਕੀਲਾਂ ਨੇ ਐੱਨਆਈਏ ਮਾਮਲਿਆਂ ਦੇ ਵਿਸ਼ੇਸ਼ ਜੱਜ ਪੀ.ਆਰ. ਸਿਤਰੇ ਨੂੰ ਕਿਹਾ ਕਿ ਕਿਉਂਕਿ ਠਾਕੁਰ ਇਲਾਜ ਦੇ ਸਬੰਧ ਵਿਚ ਮੁੰਬਈ ’ਚ ਹੈ, ਇਸ ਵਾਸਤੇ ਉਹ ਅਦਾਲਤ ’ਚ ਪੇਸ਼ ਹੋਵੇਗੀ। ਹਾਲਾਂਕਿ, ਉਸ ਨੂੰ ਅਦਾਲਤ ਨੇ ਸੰਮਨ ਜਾਰੀ ਨਹੀਂ ਸੀ ਕੀਤਾ।
ਭੁਪਾਲ ਤੋਂ ਸੰਸਦ ਮੈਂਬਰ ਪ੍ਰਗਿਆ ਠਾਕੁਰ ਬਾਅਦ ਦੁਪਹਿਰ 12.25 ਵਜੇ ਪਹੁੰਚੀ ਅਤੇ ਅਦਾਲਤ ਵਿਚ ਮੂਹਰਲੀ ਕਤਾਰ ’ਚ ਇਕ ਵਕੀਲ ਦੀ ਕੁਰਸੀ ’ਤੇ ਬੈਠੀ। ਉਸ ਦੇ ਬੈਠਣ ਤੋਂ ਪਹਿਲਾਂ ਉਸ ਦੇ ਸਹਾਇਕਾਂ ਨੇ ਕੁਰਸੀ ’ਤੇ ਮਲਮਲ ਦਾ ਇਕ ਕੱਪੜਾ ਵਿਛਾਇਆ। ਜੱਜ ਨੇ ਠਾਕੁਰ ਨੂੰ ਉਸ ਦੀ ਸਿਹਤ ਬਾਰੇ ਪੁੱਛਿਆ, ਜਿਸ ’ਤੇ ਸੰਸਦ ਮੈਂਬਰ ਨੇ ਕਿਹਾ, ‘‘ਕਦੇ ਸਿਹਤ ਠੀਕ ਰਹਿੰਦੀ, ਕਦੇ ਨਹੀਂ।’’
ਸੰਸਦ ਮੈਂਬਰ ਨੇ ਜੱਜ ਨੂੰ ਦੱਸਿਆ ਕਿ ਉਹ ਸ਼ਹਿਰ ਦੇ ਕੋਕਿਲਾਬੇਨ ਹਸਪਤਾਲ ਵਿਚ ਇਲਾਜ ਕਰਵਾ ਰਹੀ ਹੈ ਅਤੇ ਕਿਉਂਕਿ ਇਲਾਜ ਨਾਲ ਉਸ ਦੀ ਸਿਹਤ ਵਿਚ ਸੁਧਾਰ ਹੋਇਆ ਹੈ ਇਸ ਵਾਸਤੇ ਉਹ ਅੱਗੇ ਦੇ ਇਲਾਜ ਵਾਸਤੇ ਆਈ ਹੈ।’’ ਬਿਮਾਰੀ ਬਾਰੇ ਪੁੱਛੇ ਜਾਣ ’ਤੇ ਠਾਕੁਰ ਨੇ ਕਿਹਾ ਉਸ ਨੂੰ ਕਈ ਬਿਮਾਰੀਆਂ ਹਨ। ਉਸ ਨੇ ਕਿਹਾ ਕਿ ਉਹ ਅਗਲੇ ਦੋ ਦਿਨ ਮੁੰਬਈ ਵਿਚ ਰੁਕੇਗੀ ਅਤੇ ਜੇਕਰ ਲੋੜ ਪਈ ਤਾਂ ਹਸਪਤਾਲ ਵਿਚ ਭਰਤੀ ਹੋਵੇਗੀ। ਜੱਜ ਸਿਤਰੇ ਨੇ ਉਸ ਨੂੰ ਸੁਣਵਾਈ ਦੌਰਾਨ ਮੌਜੂਦ ਰਹਿਣ ਲਈ ਕਿਹਾ। -ਪੀਟੀਆਈ