ਮੁੰਬਈ, 4 ਜਨਵਰੀ
ਭਾਰਤੀ ਜਨਤਾ ਪਾਰਟੀ ਦੀ ਸੰਸਦ ਮੈਂਬਰ ਪ੍ਰਗਿਆ ਸਿੰਘ ਠਾਕੁਰ ਜੋ ਸਾਲ 2008 ਦੇ ਮਾਲੇਗਾਓਂ ਧਮਾਕਾ ਕੇਸ ਵਿੱਚ ਮੁਲਜ਼ਮ ਵਜੋਂ ਨਾਮਜ਼ਦ ਹੈ, ਅੱਜ ਇੱਥੇ ਕੌਮੀ ਜਾਂਚ ਏਜੰਸੀ ਦੀ ਇਕ ਵਿਸ਼ੇਸ਼ ਅਦਾਲਤ ’ਚ ਪੇਸ਼ ਹੋਈ। ਮਾਮਲੇ ਦੀ ਪੂਰੀ ਸੁਣਵਾਈ ਦੌਰਾਨ ਸੰਸਦ ਮੈਂਬਰ ਪ੍ਰਗਿਆ ਠਾਕੁਰ ਅਦਾਲਤ ’ਚ ਪਿੱਛੇ ਮੁਲਜ਼ਮਾਂ ਲਈ ਬਣੇ ਕਟਹਿਰੇ ਵਿੱਚ ਚਾਰ ਹੋਰ ਸਹਿ-ਮੁਲਜ਼ਮਾਂ ਨਾਲ ਬੈਠੀ ਰਹੀ। ਇਹ ਮਾਮਲੇ ਦੀ ਜਾਂਚ ਕੌਮੀ ਜਾਂਚ ਏਜੰਸੀ ਵੱਲੋਂ ਕੀਤੀ ਗਈ ਹੈ। 19 ਦਸੰਬਰ 2020 ਨੂੰ ਵਿਸ਼ੇਸ਼ ਜੱਜ ਪੀ.ਆਰ. ਸਿਤਰੇ ਨੇ ਪ੍ਰੱਗਿਆ ਠਾਕੁਰ ਨੂੰ ਅਦਾਲਤ ’ਚ ਪੇਸ਼ ਹੋਣ ਦਾ ਆਖ਼ਰੀ ਮੌਕਾ ਦਿੱਤਾ ਸੀ। ਉਨ੍ਹਾਂ ਨੇ ਪਿਛਲੇ ਮਹੀਨੇ ਦੋ ਵਾਰ ਪ੍ਰੱਗਿਆ ਦੇ ਅਦਾਲਤ ’ਚ ਪੇਸ਼ ਨਾ ਹੋਣ ’ਤੇ ਨਾਰਾਜ਼ਗੀ ਜ਼ਾਹਿਰ ਕੀਤੀ ਸੀ। ਇਸ ਤੋਂ ਪਹਿਲਾਂ ਸਾਲ 2019 ਵਿੱਚ ਅਦਾਲਤ ਨੇ ਕਿਹਾ ਸੀ ਕਿ ਮਾਮਲੇ ’ਚ ਨਾਮਜ਼ਦ ਸੱਤ ਮੁਲਜ਼ਮ, ਜੋ ਸਾਰੇ ਜ਼ਮਾਨਤ ’ਤੇ ਬਾਹਰ ਹਨ, ਨੂੰ ਘੱਟੋ-ਘੱਟ ਹਫ਼ਤੇ ’ਚ ਇਕ ਵਾਰ ਅਦਾਲਤ ’ਚ ਪੇਸ਼ ਹੋਣਾ ਜ਼ਰੂਰੀ ਹੈ।
ਅੱਜ ਪ੍ਰੱਗਿਆ ਠਾਕੁਰ ਤੇ ਚਾਰ ਹੋਰ ਮੁਲਜ਼ਮ ਲੈਫ਼ਟੀਨੈਂਟ ਕਰਨਲ ਪ੍ਰਸਾਦ ਪੁਰੋਹਿਤ, ਸਮੀਰ ਕੁਲਕਰਨੀ, ਰਮੇਸ਼ ਉਪਾਧਿਆਏ ਤੇ ਸੁਧਾਕਰ ਚਤੁਰਵੇਦੀ ਅਦਾਲਤ ’ਚ ਪੇਸ਼ ਹੋਏ, ਜਦੋਂਕਿ ਦੋ ਮੁਲਜ਼ਮ ਅਜੈ ਰਾਹੀਰਕਰ ਤੇ ਸੁਧਾਕਰ ਦਿਵੇਦੀ ਗੈਰ-ਹਾਜ਼ਰ ਸਨ। ਅਦਾਲਤ ’ਚ ਇਕ ਗਵਾਹ ਵੀ ਹਾਜ਼ਰ ਸੀ ਪਰ ਉਸ ਤੋਂ ਸਵਾਲ-ਜਵਾਬ ਨਹੀਂ ਹੋ ਸਕੇ ਕਿਉਂਕਿ ਮੁਲਜ਼ਮ ਦਿਵੇਦੀ ਦਾ ਵਕੀਲ ਮੌਜੂਦ ਨਹੀਂ ਸੀ। ਅਦਾਲਤ ਨੇ ਮਾਮਲੇ ਦੀ ਸੁਣਵਾਈ ਮੰਗਲਵਾਰ ’ਤੇ ਅੱਗੇ ਪਾ ਦਿੱਤੀ ਹੈ। -ਪੀਟੀਆਈ