ਰਾਏਪੁਰ, 26 ਜੁਲਾਈ
ਛੱਤੀਸਗੜ੍ਹ ਪੁਲੀਸ ਦਾ ਮੰਨਣਾ ਹੈ ਕਿ ਨਕਸਲਵਾਦੀਆਂ ਦੇ ਗੜ੍ਹ ਜ਼ਿਲ੍ਹਾ ਦਾਂਤੇਵਾੜਾ ਵਿੱਚ ਨਕਸਲਵਾਦੀਆਂ ਤੇ ਉਨ੍ਹਾਂ ਦੇ ਆਗੂਆਂ ਵਿਚਾਲੇ ਪੈਦਾ ਹੋਏ ਵਖਰੇਵਿਆਂ ਕਾਰਨ ਇੱਥੇ ਨਕਸਲਵਾਦ ਕਮਜ਼ੋਰ ਪੈ ਸਕਦਾ ਹੈ।
ਇਕ ਸੀਨੀਅਰ ਪੁਲੀਸ ਅਧਿਕਾਰੀ ਨੇ ਅੱਜ ਕਿਹਾ ਕਿ ਨਕਸਲੀਆਂ ਦੀ ਦਰਭਾ ਡਿਵੀਜ਼ਨ ਜੋ ਬਸਤਰ, ਦਾਂਤੇਵਾੜਾ ਤੇ ਸੁਕਮਾ ਜ਼ਿਲ੍ਹਿਆਂ ਵਿੱਚ ਮਾਓਵਾਦੀ ਗਤੀਵਿਧੀਆਂ ਨੂੰ ਕੰਟਰੋਲ ਕਰਦੀ ਹੈ, ਨੂੰ ਕਮਾਂਡਰਾਂ ਦੀ ਲੜੀ ਟੁੱਟਣ ਕਾਰਨ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਹਿੱਸਿਆਂ ਵਿੱਚ ਨਕਸਲਵਾਦੀਆਂ ਦੇ ਚੋਟੀ ਦੇ ਆਗੂਆਂ ਵੱਲੋਂ ਪਿੰਡ ਵਾਸੀਆਂ ਨਾਲ ਕਾਫੀ ਬੇਰਹਿਮੀ ਵਾਲਾ ਵਰਤਾਰਾ ਕੀਤਾ ਗਿਆ ਹੈ। ਖ਼ੁਦ ਬਣੀਆਂ ਤਿੰਨ ਨਕਸਲੀ ਕਮੇਟੀਆਂ ਬਸਤਰ ਜ਼ਿਲ੍ਹੇ ’ਚ ਕਾਂਗੜ ਘਾਟੀ, ਕਾਟੇਕਲਿਆਣ (ਸੁਕਮਾ) ਅਤੇ ਮਾਲਾਂਗੀਰ (ਦਾਂਤੇਵਾੜਾ) ਮਿਲ ਕੇ ਦਰਭਾ ਡਿਵੀਜ਼ਨ ਬਣਾਉਂਦੀਆਂ ਹਨ।
ਬਸਤਰ ਰੇਂਜ ਦੇ ਆਈਜੀ ਸੁੰਦਰਰਾਜ ਪੀ ਨੇ ਪੀਟੀਆਈ ਨਾਲ ਗੱਲਬਾਤ ਦੌਰਾਨ ਕਿਹਾ, ‘‘ਸਥਾਨਕ ਖ਼ੁਫ਼ੀਆ ਜਾਣਕਾਰੀ ਅਨੁਸਾਰ ਕੁਝ ਕੁ ਘਟਨਾਵਾਂ ਤੋਂ ਬਾਅਦ ਦਰਭਾ ਡਿਵੀਜ਼ਨ ਦੇ ਚੋਟੀ ਦੇ ਆਗੂਆਂ ਵਿਚਾਲੇ ਮੱਤਭੇਦ ਪੈਦਾ ਹੋ ਗਏ ਹਨ ਜੋ ਪਹਿਲਾਂ ਦਾਂਤੇਵਾੜਾ ਵਿੱਚ ਬਹੁਤ ਘੱਟ ਦੇਖਣ ਨੂੰ ਮਿਲਦੇ ਸਨ। ਪ੍ਰਸ਼ਾਸਨ ਤੋਂ ਪਰਚੇਲੀ ਪਿੰਡ ਵਿੱਚ ਸੜਕਾਂ ਤੇ ਸਕੂਲ ਬਣਾਉਣ ਦੀ ਮੰਗ ਕਰਨ ’ਤੇ ਨਕਸਲਵਾਦੀਆਂ ਨੇ 17 ਜੁਲਾਈ ਨੂੰ ਪਿੰਡ ਵਾਸੀਆਂ ’ਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿਚ 25 ਪਿੰਡ ਵਾਸੀ ਜ਼ਖ਼ਮੀ ਹੋ ਗਏ। –ਪੀਟੀਆਈ