ਨਵੀਂ ਦਿੱਲੀ, 6 ਅਗਸਤ
ਭਾਰਤ ਦੇ ਸਿਖਰਲੇ ਖੇਡ ਸਨਮਾਨ ਖੇਲ ਰਤਨ ਪੁਰਸਕਾਰ ਦਾ ਨਾਮ ਹੁਣ ਰਾਜੀਵ ਗਾਂਧੀ ਖੇਲ ਰਤਨ ਨਹੀਂ ਬਲਕਿ ਮੇਜਰ ਧਿਆਨਚੰਦ ਖੇਲ ਰਤਨ ਹੋਵੇਗਾ। ਭਾਰਤੀ ਹਾਕੀ ਟੀਮਾਂ ਦੇ ਟੋਕੀਓ ਓਲੰਪਿਕ ਵਿੱਚ ਸ਼ਾਨਦਾਰ ਪ੍ਰਦਰਸ਼ਨ ਮਗਰੋਂ ਇਸ ਸਨਮਾਨ ਦਾ ਨਾਮ ਮਹਾਨ ਹਾਕੀ ਖਿਡਾਰੀ ਦੇ ਨਾਮ ’ਤੇ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਐਲਾਨ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਦੇਸ਼ ਵਾਸੀਆਂ ਵੱਲੋਂ ਅਪੀਲਾਂ ਕੀਤੀਆਂ ਜਾ ਰਹੀਆਂ ਹਨ ਕਿ ਖੇਲ ਰਤਨ ਪੁਰਸਕਾਰ ਦਾ ਨਾਮ ਮੇਜਰ ਧਿਆਨਚੰਦ ਦੇ ਨਾਂ ’ਤੇ ਰੱਖਿਆ ਜਾਵੇ। ਸ੍ਰੀ ਮੋਦੀ ਨੇ ਟਵੀਟ ਕੀਤਾ, ‘‘ਦੇਸ਼ ਦਾ ਮਾਣ ਉੱਚਾ ਕਰ ਦੇਣ ਵਾਲੇ ਇਨ੍ਹਾਂ ਪਲਾਂ ਦਰਮਿਆਨ ਕਈ ਦੇਸ਼ਵਾਸੀਆਂ ਵੱਲੋਂ ਗੁਜ਼ਾਰਿਸ਼ ਕੀਤੀ ਗਈ ਹੈ ਕਿ ਖੇਲ ਰਤਨ ਪੁਰਸਕਾਰ ਦਾ ਨਾਮ ਮੇਜਰ ਧਿਆਨਚੰਦ ਜੀ ਨੂੰ ਸਮਰਪਿਤ ਕੀਤਾ ਜਾਵੇ। ਲੋਕਾਂ ਦੀਆਂ ਭਾਵਨਾਵਾਂ ਨੂੰ ਵੇੇਖਦਿਆਂ ਇਸ ਦਾ ਨਾਮ ਮੇਜਰ ਧਿਆਨਚੰਦ ਖੇਲ ਰਤਨ ਪੁਰਸਕਾਰ ਕੀਤਾ ਜਾ ਰਿਹਾ ਹੈ।’’ ਪ੍ਰਧਾਨ ਮੰਤਰੀ ਨੇ ਕਿਹਾ ਕਿ ਟੋਕੀਓ ਓਲੰਪਿਕ ਵਿੱਚ ਭਾਰਤੀ ਪੁਰਸ਼ ਤੇ ਮਹਿਲਾ ਹਾਕੀ ਦੇ ਪ੍ਰਦਰਸ਼ਨ ਨੇ ਪੂਰੇ ਦੇਸ਼ ਵਿੱਚ ਜੋਸ਼ ਭਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹੁਣ ਹਾਕੀ ਵਿੱਚ ਲੋਕਾਂ ਦੀ ਦਿਲਚਸਪੀ ਮੁੜ ਤੋਂ ਵਧੀ ਹੈ, ਜੋ ਆਉਣ ਵਾਲੇ ਸਮੇਂ ਲਈ ਸਕਾਰਾਤਮਕ ਇਸ਼ਾਰਾ ਹੈ। ਖੇਲ ਰਤਨ ਸਨਮਾਨ ਤਹਿਤ 25 ਲੱਖ ਰੁਪਏ ਦਾ ਨਗ਼ਦ ਪੁਰਸਕਾਰ ਦਿੱਤਾ ਜਾਂਦਾ ਹੈ।
ਮੋਦੀ ਦੇ ਨਾਂ ’ਤੇ ਬਣਿਆ ਸਟੇਡੀਅਮ ਕਿਸੇ ਖਿਡਾਰੀ ਨੂੰ ਸਮਰਪਿਤ ਹੋਵੇ: ਕਾਂਗਰਸ
ਨਵੀਂ ਦਿੱਲੀ: ਭਾਰਤ ਦੇ ਸਭ ਤੋਂ ਉੱਚੇ ਖੇਡ ਸਨਮਾਨ ‘ਖੇਲ ਰਤਨ ਪੁਰਸਕਾਰ’ ਦਾ ਨਾਂ ਬਦਲ ਕੇ ਮਹਾਨ ਹਾਕੀ ਖਿਡਾਰੀ ਧਿਆਨ ਚੰਦ ਨੂੰ ਸਮਰਪਿਤ ਕੀਤੇ ਜਾਣ ਦਾ ਕਾਂਗਰਸ ਨੇ ਸਵਾਗਤ ਕੀਤਾ ਹੈ। ਪਾਰਟੀ ਨੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਦੋਸ਼ ਲਾਇਆ ਕਿ ਉਹ ‘ਦੂਰਅੰਦੇਸ਼ੀ ਦੀ ਘਾਟ’ ਵਾਲੀ ਸਿਆਸਤ ਕਰ ਰਹੇ ਹਨ ਤੇ ਉਹ ਵੀ ਖਿਡਾਰੀਆਂ ਦੇ ਨਾਂ ਉਤੇ ਕੀਤੀ ਜਾ ਰਹੀ ਹੈ। ਕਾਂਗਰਸ ਨੇ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਪ੍ਰਧਾਨ ਮੰਤਰੀ ਉਨ੍ਹਾਂ ਮੈਦਾਨਾਂ ਦਾ ਨਾਂ ਵੀ ਬਦਲਣਗੇ ਜੋ ਉਨ੍ਹਾਂ ਦੇ ਨਾਂ ਉਤੇ ਤੇ ਸਾਬਕਾ ਭਾਜਪਾ ਮੰਤਰੀ ਅਰੁਣ ਜੇਤਲੀ ਦੇ ਨਾਂ ਉਤੇ ਹਨ। ਇਨ੍ਹਾਂ ਮੈਦਾਨਾਂ ਨੂੰ ਮਿਲਖਾ ਸਿੰਘ, ਸਚਿਨ ਤੇਂਦੁਲਕਰ, ਕਪਿਲ ਦੇਵ ਤੇ ਪੀਟੀ ਊਸ਼ਾ ਨੂੰ ਸਮਰਪਿਤ ਕੀਤਾ ਜਾ ਸਕਦਾ ਹੈ। ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਮੋਦੀ ਸਰਕਾਰ ਨੇ ਖੇਡਾਂ ਦਾ ਬਜਟ ਉਲੰਪਿਕ ਵਾਲੇ ਸਾਲ ਵਿਚ ਹੀ 230 ਕਰੋੜ ਰੁਪਏ ਘਟਾ ਦਿੱਤਾ ਹੈ। ਹੁਣ ਕਿਸਾਨਾਂ, ਪੈਗਾਸਸ ਤੇ ਮਹਿੰਗਾਈ ਦੇ ਮੁੱਦਿਆਂ ਉਤੇ ਲੋਕਾਂ ਦਾ ਧਿਆਨ ਭਟਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੁਰਜੇਵਾਲਾ ਨੇ ਕਿਹਾ ਕਿ ਰਾਜੀਵ ਗਾਂਧੀ ਕਿਸੇ ਪੁਰਸਕਾਰ ਲਈ ਨਹੀਂ ਜਾਣੇ ਜਾਂਦੇ, ਉਨ੍ਹਾਂ ਦੇ ਬਲਿਦਾਨ ਅਤੇ ਆਦਰਸ਼, ਭਾਰਤ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਤੇ ਜਿਸ ਤਰ੍ਹਾਂ ਉਨ੍ਹਾਂ ਮੁਲਕ ਨੂੰ 21ਵੀਂ ਸਦੀ ਵਿਚ ਬਦਲਿਆ, ਉਸ ਲਈ ਲੋਕ ਉਨ੍ਹਾਂ ਨੂੰ ਜਾਣਦੇ ਹੈ। ਕਾਂਗਰਸ ਆਗੂ ਨੇ ਕਿਹਾ ਕਿ ਸੰਨ 2002 ਤੋਂ ‘ਧਿਆਨ ਚੰਦ ਐਵਾਰਡ ਫਾਰ ਲਾਈਫਟਾਈਮ ਅਚੀਵਮੈਂਟ’ (ਖੇਡਾਂ) ਲਈ ਦਿੱਤਾ ਜਾ ਰਿਹਾ ਹੈ। ਪਾਰਟੀ ਖ਼ੁਸ਼ ਹੈ ਕਿ ਇਕ ਹੋਰ ਸਨਮਾਨ ਧਿਆਨ ਚੰਦ ਦੇ ਨਾਂ ਉਤੇ ਦਿੱਤਾ ਜਾਵੇਗਾ। ਸੁਰਜੇਵਾਲਾ ਨੇ ਕਿਹਾ ਕਿ ਚੰਗਾ ਹੋਵੇਗਾ ਜੇਕਰ ਨਰਿੰਦਰ ਮੋਦੀ ਸਟੇਡੀਅਮ ਤੇ ਅਰੁਣ ਜੇਤਲੀ ਸਟੇਡੀਅਮ ਦੇ ਨਾਂ ਬਦਲ ਕੇ ਵੀ ਉੱਘੇ ਖਿਡਾਰੀਆਂ ਦੇ ਨਾਂ ਉਤੇ ਰੱਖੇ ਜਾਣ। -ਪੀਟੀਆਈ