ਨਵੀਂ ਦਿੱਲੀ, 13 ਜੂਨ
ਸੀਨੀਅਰ ਕਾਂਗਰਸੀ ਆਗੂ ਕਪਿਲ ਸਿੱਬਲ ਨੇ ਅੱਜ ਕਿਹਾ ਕਿ ਪਾਰਟੀ ਦੇ ਜਥੇਬੰਦਕ ਢਾਂਚੇ ਵਿੱਚ ਵੱਡੇ ਪੱਧਰ ’ਤੇ ਫੇਰਬਦਲ ਦੀ ਲੋੜ ਹੈ ਤਾਂ ਕਿ ਇਹ ਦਰਸਾਇਆ ਜਾ ਸਕੇ ਕਿ ਪਾਰਟੀ ਹੁਣ ਪੂਰੀ ਤਰ੍ਹਾਂ ਸਰਗਰਮ ਤੇ ਸਾਰਥਿਕ ਤੌਰ ’ਤੇ ਕੰਮ ਕਰਨ ਦੀ ਇੱਛੁਕ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਭਾਜਪਾ ਦੇ ਯੋਗ ਬਦਲ ਵਜੋਂ ਪੇਸ਼ ਕਰਨ ਲਈ ਪਾਰਟੀ ਵਿੱਚ ਹਰ ਪੱਧਰ ’ਤੇ ਸੁਧਾਰ ਲਿਆਂਦੇ ਜਾਣ। ਪਿਛਲੇ ਸਾਲ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਪੱਤਰ ਲਿਖ ਕੇ ਪਾਰਟੀ ਦੇ ਜਥੇਬੰਦਕ ਢਾਂਚੇ ਵਿੱਚ ਫੇਰਬਦਲ ਦੀ ਮੰਗ ਕਰਨ ਵਾਲੇ 23 ਆਗੂਆਂ ਦੇ ਸਮੂਹ ਵਿੱਚ ਸ਼ਾਮਲ ਸਿੱਬਲ ਨੇ ਆਸ ਜਤਾਈ ਕਿ ਕੋਵਿਡ-19 ਮਹਾਮਾਰੀ ਕਰਕੇ ਮੁਲਤਵੀ ਹੋਈਆਂ ਜਥੇਬੰਦਕ ਚੋਣਾਂ ‘ਜਲਦੀ ਹੀ ਹੋਣਗੀਆਂ।’
ਇਸ ਖ਼ਬਰ ਏਜੰਸੀ ਨੂੰ ਦਿੱਤੀ ਵਿਸ਼ੇਸ਼ ਇੰਟਰਵਿਊ ਦੌਰਾਨ ਸਾਬਕਾ ਕੇਂਦਰੀ ਮੰਤਰੀ ਨੇ ਮੰਨਿਆ ਕਿ ਮੌਜੂਦਾ ਸਮੇਂ ਭਾਜਪਾ ਦਾ ਕੋਈ ਮਜ਼ਬੂਤ ਸਿਆਸੀ ਬਦਲ ਨਹੀਂ ਹੈ, ਪਰ ਉਨ੍ਹਾਂ ਇੰਨਾ ਜ਼ਰੂਰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ’ਤੇ ਸ਼ਾਸਨ ਕਰਨ ਦਾ ਮੌਲਿਕ ਅਧਿਕਾਰ ਗੁਆ ਚੁੱਕੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੇ ਲੋਕਾਂ ਦੇ ਮੌਜੂਦਾ ਮਿਜ਼ਾਜ ਨੂੰ ਵੇਖਦਿਆਂ ਕਾਂਗਰਸ, ਭਾਜਪਾ ਦਾ ਬਦਲ ਪੇਸ਼ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਹਾਲੀਆ ਅਸੈਂਬਲੀ ਚੋਣਾਂ ਵਿੱਚ ਪਾਰਟੀ ਨੂੰ ਮਿਲੀ ਨਿਰਾਸ਼ਾਜਨਕ ਹਾਰ ਦੇ ਕਾਰਨਾਂ ਦੀ ਸਮੀਖਿਆ ਕਰਨਾ ਚੰਗੀ ਗੱਲ ਹੈ, ਪਰ ਇਸ ਮੰਥਨ ਦੌਰਾਨ ਮਿਲੇ ਸੁਝਾਵਾਂ ਨੂੰ ਜੇ ਅਮਲ ਵਿੱਚ ਹੀ ਨਾ ਲਿਆਂਦਾ ਤਾਂ ਇਨ੍ਹਾਂ ਮੀਟਿੰਗਾਂ ਦਾ ਕੋਈ ਫਾਇਦਾ ਨਹੀਂ। ਅਸਾਮ ਵਿੱਚ ਆਲ ਇੰਡੀਆ ਯੂਨਾਈਟਿਡ ਡੈਮੋਕਰੈਟਿਕ ਫਰੰਟ (ਏਆਈਯੂਡੀਐੱਫ) ਤੇ ਪੱਛਮੀ ਬੰਗਾਲ ਵਿੱਚ ਇੰਡੀਅਨ ਸੈਕੁਲਰ ਫਰੰਟ (ਆਈਐੱਸਐੱਫ) ਨਾਲ ਕੀਤੇ ਗੱਠਜੋੜਾਂ ਦੀ ਗੱਲ ਕਰਦਿਆਂ ਸਿੱਬਲ ਨੇ ਕਿਹਾ ਕਿ ਕਾਂਗਰਸ ਇਸ ਨੁਕਤੇ ਨੂੰ ਸਮਝਾਉਣ ਵਿੱਚ ਨਾਕਾਮ ਰਹੀ ਕਿ ਦੇਸ਼ ਲਈ ਘੱਟਗਿਣਤੀ ਤੇ ਬਹੁਗਿਣਤੀ ਫਿਰਕੂਵਾਦ ਇਕੋ ਜਿਹਾ ਖ਼ਤਰਨਾਕ ਹੈ। ਉਨ੍ਹਾਂ ਕਿਹਾ ਕਿ ਨਮੋਸ਼ੀਜਨਕ ਹਾਰ ਦੇ ਕਈ ਕਾਰਨਾਂ ’ਚੋਂ ਇਕ ਇਹ ਵੀ ਹੈ। -ਪੀਟੀਆਈ