ਬਡਾਨਾਵਲੂ (ਕਰਨਾਟਕ), 2 ਅਕਤੂੁਬਰ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਮਹਾਤਮਾ ਗਾਂਧੀ ਦੀ ਜੈਅੰਤੀ ਮੌਕੇ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਸੱਤਾ ’ਚ ਬੈਠੇ ਲੋਕਾਂ ਲਈ ਰਾਸ਼ਟਰਪਿਤਾ ਦੀ ਵਿਰਾਸਤ ਹਥਿਆਉਣਾ ਆਸਾਨ ਹੈ ਪਰ ਉਨ੍ਹਾਂ ਦੇ ਕਦਮਾਂ ’ਤੇ ਚੱਲਣਾ ਬਹੁਤ ਮੁਸ਼ਕਲ ਹੈ। ਇਥੇ ਖਾਦੀ ਗ੍ਰਾਮਉਦਯੋਗ ਕੇਂਦਰ ਦੇ ਦੌਰੇ ਮੌਕੇ ਰਾਹੁਲ ਗਾਂਧੀ ਨੇ ਕਿਹਾ ਕਿ ਜਿਸ ਵਿਚਾਰਧਾਰਾ ਨੇ ਸੁਤੰਤਰਤਾ ਸੰਗਰਾਮੀ ਦੀ ਹੱਤਿਆ ਕੀਤੀ ਸੀ, ਉਸ ਨੇ ਪਿਛਲੇ ਅੱਠ ਸਾਲਾਂ ’ਚ ਅਸਾਮਨਤਾ ਅਤੇ ਵੰਡੀਆਂ ਪਾਈਆਂ ਹਨ। ਉਨ੍ਹਾਂ ਪ੍ਰਾਰਥਨਾ ਸਭਾ ’ਚ ਵੀ ਹਿੱਸਾ ਲਿਆ ਅਤੇ ਕੇਂਦਰ ਦੀਆਂ ਮਹਿਲਾ ਬੁਣਕਰਾਂ ਨਾਲ ਗੱਲਬਾਤ ਵੀ ਕੀਤੀ। ਬਾਅਦ ’ਚ ਉਨ੍ਹਾਂ ਮੈਸੂਰ ਨੇੜਲੇ ਪਿੰਡ ਬਡਾਨਾਵਲੂ ਦਾ ਦੌਰਾ ਕਰਕੇ ਲੋਕਾਂ ਨਾਲ ਸ਼੍ਰਮਦਾਨ ਲਿਆ ਅਤੇ ਕੇਂਦਰ ਦੀਆਂ ਮਹਿਲਾ ਬੁਣਕਰਾਂ ਨਾਲ ਗੱਲਬਾਤ ਵੀ ਕੀਤੀ। ਬਾਅਦ ’ਚ ਉਨ੍ਹਾਂ ਮੈਸੂਰ ਨੇੜਲੇ ਪਿੰਡ ਬਡਾਨਾਵਲੂ ਦਾ ਦੌਰਾ ਕਰਕੇ ਲੋਕਾਂ ਨਾਲ ਸ਼੍ਰਮਦਾਨ ਵੀ ਕੀਤਾ। ਕਾਂਗਰਸ ਦੇ ਸਾਬਕਾ ਮੁਖੀ ਨੇ ਪਿੰਡ ਦੇ ਬੱਚਿਆਂ ਨਾਲ ਤਿਰੰਗੇ ’ਚ ਰੰਗ ਵੀ ਭਰੇ। ਇਕ ਬਿਆਨ ’ਚ ਰਾਹੁਲ ਨੇ ਕਿਹਾ,‘‘ਅਸੀਂ ਭਾਰਤ ਦੇ ਮਹਾਨ ਸਪੂਤ ਨੂੰ ਚੇਤੇ ਕਰਦਿਆਂ ਨਮਨ ਕਰਦੇ ਹਾਂ। ਅਸੀਂ ਭਾਰਤ ਜੋੜੋ ਯਾਤਰਾ ਦੌਰਾਨ ਮਹਾਤਮਾ ਗਾਂਧੀ ਵੱਲੋਂ ਦਿਖਾਏ ਅਹਿੰਸਾ, ਏਕਤਾ, ਬਰਾਬਰੀ ਅਤੇ ਨਿਆਂ ਦੇ ਰਾਹ ’ਤੇ ਚੱਲ ਰਹੇ ਹਾਂ।’’ ਉਨ੍ਹਾਂ ਕਿਹਾ ਕਿ ਸਵਰਾਜ ਦੇ ਵੱਖ ਵੱਖ ਅਰਥ ਹਨ ਅਤੇ ਭਾਰਤ ਜੋੜੋ ਯਾਤਰਾ ਅਹਿੰਸਾ ਤੇ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ ‘ਸਵਰਾਜ’ ਦਾ ਸੁਨੇਹਾ ਫੈਲਾਏਗੀ। ਉਨ੍ਹਾ ਕਿਹਾ ਕਿ ਕਾਂਗਰਸ ਦੀ ਯਾਤਰਾ ਭਾਰਤੀ ਲੋਕਾਂ ਦੀ ਡਰ, ਨਫ਼ਰਤ ਅਤੇ ਵੰਡੀਆਂ ਫੈਲਾਉਣ ਵਾਲੀ ਸਿਆਸਤ ਖ਼ਿਲਾਫ ਬੁਲੰਦ ਆਵਾਜ਼ ਹੈ। ਰਾਹੁਲ ਗਾਂਧੀ 30 ਸਤੰਬਰ ਨੂੰ ਕਰਨਾਟਕ ਦੇ ਗੁੰਡਲੂਪੇਟ ਪਹੁੰਚੇ ਸਨ ਅਤੇ ਉਹ 21 ਦਿਨਾਂ ਤੱਕ ਸੂਬੇ ਦੇ ਹਰ ਕੋਨੇ ’ਚ ਜਾਣਗੇ। -ਪੀਟੀਆਈ
ਸੋਨੀਆ ਗਾਂਧੀ 6 ਨੂੰ ਯਾਤਰਾਵਿੱਚ ਹੋਣਗੇ ਸ਼ਾਮਲ
ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਸੋਨੀਆ ਗਾਂਧੀ 6 ਅਕਤੂਬਰ ਨੂੰ ਕਰਨਾਟਕ ’ਚ ਭਾਰਤ ਜੋੜੋ ਯਾਤਰਾ ’ਚ ਹਿੱਸਾ ਲੈਣਗੇ। ਪਾਰਟੀ ਸੂਤਰਾਂ ਨੇ ਕਿਹਾ ਕਿ ਯਾਤਰਾ ਦੌਰਾਨ ਸੋਨੀਆ ਹੋਰ ਲੋਕਾਂ ਨਾਲ ਪੈਦਲ ਮਾਰਚ ਕਰਨਗੇ। ਯਾਤਰਾ ’ਚ ਉਹ ਪਹਿਲੀ ਵਾਰ ਸ਼ਾਮਲ ਹੋਣਗੇ ਕਿਉਂਕਿ ਜਦੋਂ ਇਸ ਦੀ ਸ਼ੁਰੂਆਤ ਹੋਈ ਸੀ ਤਾਂ ਉਹ ਮੈਡੀਕਲ ਚੈਕਅੱਪ ਲਈ ਵਿਦੇਸ਼ ਗਏ ਹੋਏ ਸਨ। ਜ਼ਿਕਰਯੋਗ ਹੈ ਕਿ ਜਦੋਂ ਤੋਂ ਯਾਤਰਾ ਕਰਨਾਟਕ ’ਚ ਦਾਖ਼ਲ ਹੋਈ ਹੈ ਤਾਂ ਕਾਂਗਰਸ ਆਖਦੀ ਆ ਰਹੀ ਹੈ ਕਿ ਇਸ ’ਚ ਸੋਨੀਆ ਅਤੇ ਪ੍ਰਿਯੰਕਾ ਗਾਂਧੀ ਵੀ ਹਿੱਸਾ ਲੈਣਗੇ। -ਪੀਟੀਆਈ
‘ਰਾਹੁਲ ਨੂੰ ਕਾਲੇ ਝੰਡੇ ਦਿਖਾਉਣ ਦੀ ਯੋਜਨਾ ਬਣਾ ਰਹੀ ਹੈ ਭਾਜਪਾ’
ਮੈਸੁਰੂ: ਕਰਨਾਟਕ ਕਾਂਗਰਸ ਨੇ ਅੱਜ ਦੋਸ਼ ਲਾਇਆ ਕਿ ਸੂਬੇ ਦੀ ਹਾਕਮ ਧਿਰ ਭਾਜਪਾ ਵੱਲੋਂ ਆਪਣੇ ਵਰਕਰਾਂ ਨੂੰ ਕਾਲੇ ਝੰਡੇ ਵੰਡੇ ਜਾ ਰਹੇ ਹਨ ਤਾਂ ਜੋ ਜਦੋਂ ‘ਭਾਰਤ ਜੋੜੋ ਯਾਤਰਾ’ ਸ਼ਹਿਰ ’ਚ ਪੁੱਜੇ ਤਾਂ ਰਾਹੁਲ ਗਾਂਧੀ ਨੂੰ ਇਹ ਝੰਡੇ ਦਿਖਾਏ ਜਾ ਸਕਣ। ਉਨ੍ਹਾਂ ਕਿਹਾ, ‘ਮੈਨੂੰ ਇਹ ਜਾਣਕਾਰੀ ਮਿਲੀ ਹੈ ਕਿ ਭਾਜਪਾ ਆਗੂ ਮੈਸੁਰੂ ’ਚ ਕਾਲੇ ਝੰਡੇ ਵੰਡ ਰਹੇ ਹਨ। ਮੈਂ ਇਸ ਸਬੰਧੀ ਪੁਲੀਸ ਕਮਿਸ਼ਨਰ ਨਾਲ ਗੱਲ ਕਰਾਂਗਾ। ਕਾਲੇ ਝੰਡੇ ਦਿਖਾਉਣ ਨਾਲ ਅਤੇ ਪੱਥਰ ਜਾਂ ਆਂਡੇ ਮਾਰਨ ਨਾਲ ਅਸੀਂ ਡਰਨ ਵਾਲੇ ਨਹੀਂ ਹਾਂ। ਉਹ ਜੋ ਕਰਨਾ ਚਾਹੁੰਦੇ ਹਨ ਕਰ ਲੈਣ। ਉਨ੍ਹਾਂ ਨੂੰ ਭਵਿੱਖ ’ਚ ਨਤੀਜੇ ਦਿਖਾਈ ਦੇਣਗੇ।’ ਕਾਂਗਰਸ ਵਿਧਾਇਕ ਪ੍ਰਿਯਾਂਕ ਖੜਗੇ ਨੇ ਦਾਅਵਾ ਕੀਤਾ ਕਿ ਯਾਤਰਾ ਨੂੰ ਮਿਲ ਰਹੇ ਹੁੰਗਾਰੇ ਤੋਂ ਭਾਜਪਾ ਡਰੀ ਹੋਈ ਹੈ। -ਪੀਟੀਆਈ