ਮੁੰਬਈ, 4 ਜੁਲਾਈ
ਮੁੱਖ ਅੰਸ਼
- ਸ਼ਿਵ ਸੈਨਾ ਦਾ ਇਕ ਹੋਰ ਵਿਧਾਇਕ ਸ਼ਿੰਦੇ ਧੜੇ ਨਾਲ ਜੁੜਿਆ
ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਅੱਜ ਵਿਧਾਨ ਸਭਾ ’ਚ ਭਰੋਸੇ ਦਾ ਵੋਟ ਆਸਾਨੀ ਨਾਲ ਜਿੱਤ ਲਿਆ। ਵਿਧਾਨ ਸਭਾ ਦੇ ਦੋ ਰੋਜ਼ਾ ਵਿਸ਼ੇਸ਼ ਇਜਲਾਸ ਦੇ ਆਖਰੀ ਦਿਨ ਹੋਈ ਵੋਟਿੰਗ ਦੌਰਾਨ 288 ’ਚੋਂ 164 ਵਿਧਾਇਕਾਂ ਨੇ ਭਰੋਸੇ ਦੇ ਮਤੇ ਦੇ ਹੱਕ ’ਚ ਵੋਟ ਪਾਏ ਜਦਕਿ 99 ਨੇ ਮਤੇ ਦਾ ਵਿਰੋਧ ਕੀਤਾ। ਤਿੰਨ ਵਿਧਾਇਕਾਂ ਅਬੂ ਆਜ਼ਮੀ ਤੇ ਰਈਸ ਸ਼ੇਖ (ਸਮਾਜਵਾਦੀ ਪਾਰਟੀ) ਅਤੇ ਸ਼ਾਹ ਫਾਰੂਖ਼ ਅਨਵਰ (ਏਆਈਐੱਮਆਈਐੱਮ) ਨੇ ਵੋਟ ਨਹੀਂ ਪਾਈ ਜਦਕਿ ਕਾਂਗਰਸ ਦੇ ਅਸ਼ੋਕ ਚਵਾਨ ਅਤੇ ਵਿਜੈ ਵਾਡੇਤੀਵਾਰ ਸਮੇਤ 21 ਵਿਧਾਇਕ ਵੋਟਿੰਗ ਦੌਰਾਨ ਗ਼ੈਰਹਾਜ਼ਰ ਰਹੇ। ਚਵਾਨ ਅਤੇ ਵਾਡੇਤੀਵਾਰ ਦੇਰੀ ਨਾਲ ਵਿਧਾਨ ਸਭਾ ਪਹੁੰਚੇ ਸਨ ਜਿਸ ਕਾਰਨ ਉਹ ਸਦਨ ਅੰਦਰ ਦਾਖ਼ਲ ਨਹੀਂ ਹੋ ਸਕੇ। ਕਾਂਗਰਸ ਦੇ ਜਿਹੜੇ ਵਿਧਾਇਕ ਗ਼ੈਰਹਾਜ਼ਰ ਰਹੇ, ਉਨ੍ਹਾਂ ’ਚ ਧੀਰਜ ਦੇਸ਼ਮੁਖ, ਪ੍ਰਨੀਤੀ ਸ਼ਿੰਦੇ, ਜਿਤੇਸ਼ ਅੰਤਾਪੁਰਕਰ, ਜ਼ੀਸ਼ਾਨ ਸਿੱਦੀਕੀ, ਰਾਜੂ ਆਵਲੇ, ਮੋਹਨ ਹੰਬਾਰਦੇ, ਕੁਨਾਲ ਪਾਟਿਲ, ਮਾਧਵਰਾਓ ਜਾਵਲਗਾਓਂਕਰ ਅਤੇ ਸਿਰੀਸ਼ ਚੌਧਰੀ ਸ਼ਾਮਲ ਹਨ। ਐੱਨਸੀਪੀ ਦੇ ਅਨਿਲ ਦੇਸ਼ਮੁਖ, ਨਵਾਬ ਮਲਿਕ, ਦੱਤਾਤ੍ਰੇਯ ਭਰਾਨੇ, ਅੰਨਾ ਬਨਸੋੜੇ, ਬੱਬਨਦਾਦਾ ਸ਼ਿੰਦੇ ਅਤੇ ਸੰਗਰਾਮ ਜਗਤਾਪ ਸਦਨ ’ਚੋਂ ਗ਼ੈਰਹਾਜ਼ਰ ਰਹੇ। ਦੇਸ਼ਮੁਖ ਅਤੇ ਮਲਿਕ ਭ੍ਰਿਸ਼ਟਾਚਾਰ ਦੇ ਕੇਸ ’ਚ ਜੇਲ੍ਹ ਅੰਦਰ ਬੰਦ ਹਨ। ਭਾਜਪਾ ਦੇ ਦੋ ਵਿਧਾਇਕ ਮੁਕਤਾ ਤਿਲਕ ਅਤੇ ਲਕਸ਼ਮਣ ਜਗਤਾਪ ਬਿਮਾਰ ਹੋਣ ਕਾਰਨ ਸਦਨ ’ਚ ਨਹੀਂ ਆਏ ਜਦਕਿ ਰਾਹੁਲ ਨਾਰਵੇਕਰ ਸਪੀਕਰ ਹੋਣ ਕਾਰਨ ਵੋਟ ਨਹੀਂ ਪਾ ਸਕੇ। ਏਆਈਐੱਮਆਈਐੱਮ ਦਾ ਵਿਧਾਇਕ ਮੁਫ਼ਤੀ ਮੁਹੰਮਦ ਇਸਮਾਈਲ ਵੀ ਸਦਨ ’ਚੋਂ ਗ਼ੈਰਹਾਜ਼ਰ ਰਿਹਾ। ਭਰੋਸੇ ਦੇ ਵੋਟ ਤੋਂ ਪਹਿਲਾਂ ਸ਼ਿਵ ਸੈਨਾ ਦਾ ਇਕ ਹੋਰ ਵਿਧਾਇਕ ਸੰਤੋਸ਼ ਬਾਂਗੜ, ਸ਼ਿੰਦੇ ਧੜੇ ਨਾਲ ਜਾ ਰਲਿਆ ਜਿਸ ਨਾਲ ਬਾਗ਼ੀ ਵਿਧਾਇਕਾਂ ਦੀ ਗਿਣਤੀ ਵਧ ਕੇ 40 ਹੋ ਗਈ। ਭਰੋਸੇ ਦਾ ਵੋਟ ਜਿੱਤਣ ਮਗਰੋਂ ਆਪਣੇ ਸੰਬੋਧਨ ’ਚ ਫੜਨਵੀਸ ਨੇ ਕਿਹਾ ਕਿ ਜਦੋਂ ਕੁਝ ਵਿਧਾਇਕ ਵੋਟਿੰਗ ਕਰ ਰਹੇ ਸਨ ਤਾਂ ਵਿਰੋਧੀ ਧਿਰ ਦੇ ਮੈਂਬਰ ‘ਈਡੀ-ਈਡੀ’ ਦੇ ਨਾਅਰੇ ਲਗਾ ਰਹੇ ਸਨ। ਭਾਜਪਾ ਆਗੂ ਨੇ ਕਿਹਾ,‘‘ਇਹ ਸੱਚ ਹੈ ਕਿ ਨਵੀਂ ਸਰਕਾਰ ਈਡੀ ਵੱਲੋਂ ਬਣਾਈ ਗਈ ਹੈ। ਈਡੀ ਤੋਂ ਭਾਵ ਹੈ ਏਕਨਾਥ ਅਤੇ ਦੇਵੇਂਦਰ।’ ਸਾਬਕਾ ਮੁੱਖ ਮੰਤਰੀ ਊਧਵ ਠਾਕਰੇ ਦਾ ਨਾਮ ਲਏ ਬਿਨਾਂ ਫੜਨਵੀਸ ਨੇ ਦਾਅਵਾ ਕੀਤਾ ਕਿ ਮਹਾਰਾਸ਼ਟਰ ’ਚ ਪਿਛਲੇ ਕੁਝ ਸਾਲਾਂ ਤੋਂ ਲੀਡਰਸ਼ਿਪ ਦੀ ਕਮੀ ਦੇਖਣ ਨੂੰ ਮਿਲੀ ਹੈ। ‘ਪਰ ਹੁਣ ਸਦਨ ’ਚ ਦੋ ਆਗੂ (ਸ਼ਿੰਦੇ ਅਤੇ ਫੜਨਵੀਸ) ਹਨ ਜੋ ਲੋਕਾਂ ਲਈ ਹਮੇਸ਼ਾ ਮੌਜੂਦ ਰਹਿਣਗੇ।’ ਸ਼ਿਵ ਸੈਨਾ ਦੇ ਇਕ ਵਿਧਾਇਕ ਦੀ ਮੌਤ ਹੋਣ ਕਾਰਨ ਵਿਧਾਨ ਸਭਾ ’ਚ ਮੈਂਬਰਾਂ ਦੀ ਕੁੱਲ ਗਿਣਤੀ 287 ਰਹਿ ਗਈ ਹੈ ਜਿਸ ਕਾਰਨ ਬਹੁਮਤ ਦਾ ਅੰਕੜਾ 144 ਰਹਿ ਗਿਆ ਸੀ। ਪਿਛਲੇ ਮਹੀਨੇ ਏਕਨਾਥ ਸ਼ਿੰਦੇ ਨੇ ਸ਼ਿਵ ਸੈਨਾ ਖ਼ਿਲਾਫ਼ ਬਗ਼ਾਵਤ ਕਰ ਦਿੱਤੀ ਸੀ ਅਤੇ ਪਾਰਟੀ ਦੇ ਜ਼ਿਆਦਾਤਰ ਵਿਧਾਇਕ ਉਨ੍ਹਾਂ ਨਾਲ ਰਲ ਗਏ ਸਨ ਜਿਸ ਕਾਰਨ ਊਧਵ ਠਾਕਰੇ ਦੀ ਅਗਵਾਈ ਹੇਠਲੀ ਮਹਾ ਵਿਕਾਸ ਅਗਾੜੀ ਸਰਕਾਰ ਡਿੱਗ ਗਈ ਸੀ। ਸ਼ਿੰਦੇ ਨੇ 30 ਜੂਨ ਨੂੰ ਮੁੱਖ ਮੰਤਰੀ ਅਹੁਦੇ ਦਾ ਹਲਫ਼ ਲਿਆ ਸੀ ਅਤੇ ਭਾਜਪਾ ਦੇ ਦੇਵੇਂਦਰ ਫੜਨਵੀਸ ਉਨ੍ਹਾਂ ਦੇ ਡਿਪਟੀ ਬਣੇ ਸਨ। -ਪੀਟੀਆਈ
ਅਜੀਤ ਪਵਾਰ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਬਣੇ
ਮੁੰਬਈ: ਐੱਨਸੀਪੀ ਆਗੂ ਅਜੀਤ ਪਵਾਰ ਨੂੰ ਮਹਾਰਾਸ਼ਟਰ ਵਿਧਾਨ ਸਭਾ ’ਚ ਵਿਰੋਧੀ ਧਿਰ ਦਾ ਆਗੂ ਥਾਪਿਆ ਗਿਆ ਹੈ। ਉਹ ਭਾਜਪਾ ਦੇ ਦੇਵੇਂਦਰ ਫੜਨਵੀਸ ਦੀ ਥਾਂ ਲੈਣਗੇ ਜਿਨ੍ਹਾਂ 30 ਜੂਨ ਨੂੰ ਉਪ ਮੁੱਖ ਮੰਤਰੀ ਦਾ ਹਲਫ਼ ਲਿਆ ਹੈ। ਸਪੀਕਰ ਰਾਹੁਲ ਨਾਰਵੇਕਰ ਨੇ ਅਜੀਤ ਪਵਾਰ ਨੂੰ ਵਿਰੋਧੀ ਧਿਰ ਦਾ ਆਗੂ ਐਲਾਨਦਿਆਂ ਕਿਹਾ ਕਿ ਐੱਨਸੀਪੀ ਸਭ ਤੋਂ ਵੱਡੀ ਵਿਰੋਧੀ ਧਿਰ ਵਜੋਂ ਉਭਰੀ ਹੈ। ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਅਜੀਤ ਪਵਾਰ ਨੂੰ ਪ੍ਰੋੜ੍ਹ ਸਿਆਸਤਦਾਨ ਅਤੇ ਪ੍ਰਸ਼ਾਸਕ ਕਰਾਰ ਦਿੱਤਾ। -ਪੀਟੀਆਈ
ਮਹਾਰਾਸ਼ਟਰ ਸਰਕਾਰ ਈਂਧਣ ’ਤੇ ਵੈਟ ਘਟਾਏਗੀ: ਸ਼ਿੰਦੇ
ਮੁੰਬਈ: ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਵਿਧਾਨ ਸਭਾ ’ਚ ਐਲਾਨ ਕੀਤਾ ਕਿ ਮਹਾਰਾਸ਼ਟਰ ਸਰਕਾਰ ਛੇਤੀ ਈਂਧਣ ਤੋਂ ਵੈਟ ਘਟਾ ਕੇ ਸੂਬੇ ਦੇ ਲੋਕਾਂ ਨੂੰ ਰਾਹਤ ਦੇਵੇਗੀ। ਭਰੋਸੇ ਦਾ ਵੋਟ ਜਿੱਤਣ ਮਗਰੋਂ ਚਰਚਾ ਦਾ ਜਵਾਬ ਦਿੰਦਿਆਂ ਸ਼ਿੰਦੇ ਨੇ ਸਦਨ ’ਚ ਕਿਹਾ ਕਿ ਕੈਬਨਿਟ ’ਚ ਇਸ ਸਬੰਧੀ ਛੇਤੀ ਫ਼ੈਸਲਾ ਲਿਆ ਜਾਵੇਗਾ। -ਪੀਟੀਆਈ
ਸ਼ਿਵ ਸੈਨਾ ਆਗੂ ਰਾਊਤ ਖ਼ਿਲਾਫ਼ ਵਾਰੰਟ ਜਾਰੀ
ਮੁੰਬਈ: ਭਾਜਪਾ ਆਗੂ ਕਿਰਤ ਸੋਮਈਆ ਦੀ ਪਤਨੀ ਮੇਧਾ ਸੋਮਈਆ ਵੱਲੋਂ ਦਾਇਰ ਮਾਣਹਾਨੀ ਕੇਸ ’ਚ ਇੱਥੋਂ ਦੀ ਇਕ ਅਦਾਲਤ ਨੇ ਸ਼ਿਵ ਸੈਨਾ ਆਗੂ ਸੰਜੈ ਰਾਊਤ ਖ਼ਿਲਾਫ਼ ਜ਼ਮਾਨਤੀ ਵਾਰੰਟ ਜਾਰੀ ਕੀਤੇ ਹਨ। ਪਿਛਲੇ ਮਹੀਨੇ ਸੇਵਰੀ ਦੇ ਮੈਜਿਸਟਰੇਟ ਕੋਰਟ ਨੇ ਰਾਊਤ ਨੂੰ ਸੰਮਨ ਕੱਢੇ ਸਨ ਤੇ 4 ਜੁਲਾਈ ਨੂੰ ਪੇਸ਼ ਹੋਣ ਲਈ ਕਿਹਾ ਸੀ। ਮੇਧਾ ਸੋਮਈਆ ਦੇ ਵਕੀਲ ਨੇ ਕਿਹਾ ਕਿ ਰਾਊਤ ਅੱਜ ਅਦਾਲਤ ਵਿਚ ਪੇਸ਼ ਨਹੀਂ ਹੋਏ ਤੇ ਨਾ ਹੀ ਉਨ੍ਹਾਂ ਦਾ ਵਕੀਲ ਪੇਸ਼ ਹੋਇਆ। ਸੋਮਈਆ ਦੇ ਵਕੀਲ ਨੇ ਕਿਹਾ ਕਿ ਇਸੇ ਲਈ ਅੱਜ ਉਨ੍ਹਾਂ ਵਾਰੰਟ ਜਾਰੀ ਕਰਾਉਣ ਲਈ ਅਰਜ਼ੀ ਪਾਈ ਸੀ, ਜਿਸ ਨੂੰ ਅਦਾਲਤ ਨੇ ਮਨਜ਼ੂਰ ਕਰ ਲਿਆ। ਅਦਾਲਤ ਨੇ ਮਗਰੋਂ ਮਾਮਲੇ ਨੂੰ ਮੁਲਤਵੀ ਕਰ ਦਿੱਤਾ ਤੇ ਅਗਲੀ ਸੁਣਵਾਈ ਲਈ 18 ਜੁਲਾਈ ਦੀ ਤਰੀਕ ਤੈਅ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਮੇਧਾ ਨੇ ਸ਼ਿਕਾਇਤ ਵਿਚ ਕਿਹਾ ਸੀ ਕਿ ਰਾਊਤ ਨੇ ਉਨ੍ਹਾਂ ਤੇ ਉਨ੍ਹਾਂ ਦੇ ਪਤੀ ਉਤੇ ਬੇਬੁਨਿਆਦੀ ਦੋਸ਼ ਲਾਏ ਹਨ ਜਿਨ੍ਹਾਂ ਨਾਲ ਉਨ੍ਹਾਂ ਦੀ ਸਾਖ਼ ਨੂੰ ਸੱਟ ਵੱਜੀ ਹੈ। ਇਹ ਮਾਮਲਾ ਨਗਰ ਨਿਗਮ ਅਧੀਨ ਜਨਤਕ ਪਖਾਨਿਆਂ ਦੀ ਉਸਾਰੀ ਨਾਲ ਜੁੜਿਆ ਹੋਇਆ ਹੈ ਤੇ ਰਾਊਤ ਨੇ ਘੁਟਾਲੇ ਦੇ ਦੋਸ਼ ਲਾਏ ਸਨ। -ਪੀਟੀਆਈ
ਸਪੀਕਰ ਦੇ ਫ਼ੈਸਲੇ ਖ਼ਿਲਾਫ਼ ਊਧਵ ਧੜੇ ਦੀ ਅਰਜ਼ੀ ’ਤੇ ਸੁਣਵਾਈ 11 ਨੂੰ
ਨਵੀਂ ਦਿੱਲੀ: ਮਹਾਰਾਸ਼ਟਰ ਵਿਧਾਨ ਸਭਾ ਦੇ ਨਵੇਂ ਚੁਣੇ ਗਏ ਸਪੀਕਰ ਵੱਲੋਂ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਅਗਵਾਈ ਹੇਠਲੇ ਧੜੇ ਦੇ ਆਗੂ ਨੂੰ ਪਾਰਟੀ ਵ੍ਹਿਪ ਵਜੋਂ ਮਾਨਤਾ ਦੇਣ ਦੇ ਫ਼ੈਸਲੇ ਨੂੰ ਊਧਵ ਠਾਕਰੇ ਧੜੇ ਨੇ ਸੁਪਰੀਮ ਕੋਰਟ ’ਚ ਚੁਣੌਤੀ ਦਿੱਤੀ ਹੈ ਜਿਸ ’ਤੇ 11 ਜੁਲਾਈ ਨੂੰ ਸੁਣਵਾਈ ਕੀਤੀ ਜਾਵੇਗੀ। ਜਸਟਿਸ ਇੰਦਰਾ ਬੈਨਰਜੀ ਦੀ ਅਗਵਾਈ ਹੇਠਲੇ ਵੈਕੇਸ਼ਨ ਬੈਂਚ ਨੇ ਕਿਹਾ ਕਿ ਹੋਰ ਬਕਾਇਆ ਅਰਜ਼ੀਆਂ ਦੇ ਨਾਲ ਇਸ ਪਟੀਸ਼ਨ ’ਤੇ ਵੀ ਉਸੇ ਬੈਂਚ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਖ਼ਤਮ ਹੋਣ ਮਗਰੋਂ 11 ਜੁਲਾਈ ਨੂੰ ਸੁਣਵਾਈ ਕੀਤੀ ਜਾਵੇਗੀ। ਠਾਕਰੇ ਧੜੇ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਏ ਐੱਮ ਸਿੰਘਵੀ ਨੇ ਕਿਹਾ,‘‘ਸਪੀਕਰ ਵ੍ਹਿਪ ਨੂੰ ਮਾਨਤਾ ਨਹੀਂ ਦੇ ਸਕਦਾ ਹੈ। ਇਹ ਅਦਾਲਤ ਅੱਗੇ ਸਥਿਤੀ ਨੂੰ ਬਦਲਣ ਦੀ ਕੋਸ਼ਿਸ਼ ਹੈ। ਸਪੀਕਰ ਨੇ ਅੱਧੀ ਰਾਤ ਨੂੰ ਨਵੇਂ ਵ੍ਹਿਪ ਦੀ ਨਿਯੁਕਤੀ ਕੀਤੀ ਹੈ।’’ ਜ਼ਿਕਰਯੋਗ ਹੈ ਕਿ ਸਾਬਕਾ ਮੁੱਖ ਮੰਤਰੀ ਊਧਵ ਠਾਕਰੇ ਨੂੰ ਝਟਕਾ ਦਿੰਦਿਆਂ ਮਹਾਰਾਸ਼ਟਰ ਵਿਧਾਨ ਸਭਾ ਦੇ ਸਪੀਕਰ ਰਾਹੁਲ ਨਾਰਵੇਕਰ ਨੇ ਅਜੈ ਚੌਧਰੀ ਨੂੰ ਹਟਾ ਕੇ ਸ਼ਿੰਦੇ ਨੂੰ ਦੁਬਾਰਾ ਤੋਂ ਸ਼ਿਵ ਸੈਨਾ ਵਿਧਾਇਕ ਦਲ ਦਾ ਆਗੂ ਥਾਪ ਦਿੱਤਾ ਸੀ ਅਤੇ ਸੁਨੀਲ ਪ੍ਰਭੂ ਦੀ ਥਾਂ ’ਤੇ ਭਾਰਤ ਗੋਗਾਵਾਲੇ ਨੂੰ ਵ੍ਹਿਪ ਵਜੋਂ ਮਾਨਤਾ ਦਿੱਤੀ ਸੀ। ਸੁਪਰੀਮ ਕੋਰਟ ਨੇ ਪਹਿਲੀ ਜੁਲਾਈ ਨੂੰ ਕਿਹਾ ਸੀ ਕਿ ਉਹ ਮਹਾਰਾਸ਼ਟਰ ਦੇ ਮੁੱਖ ਮੰਤਰੀ ਸ਼ਿੰਦੇ ਅਤੇ 15 ਬਾਗ਼ੀ ਵਿਧਾਇਕਾਂ ਨੂੰ ਵਿਧਾਨ ਸਭਾ ਤੋਂ ਮੁਅੱਤਲ ਕੀਤੇ ਜਾਣ ਦੀ ਬੇਨਤੀ ਵਾਲੀ ਸ਼ਿਵ ਸੈਨਾ ਦੇ ਮੁੱਖ ਵ੍ਹਿਪ ਸੁਨੀਲ ਪ੍ਰਭੂ ਦੀ ਅਰਜ਼ੀ ’ਤੇ 11 ਜੁਲਾਈ ਨੂੰ ਸੁਣਵਾਈ ਕਰਨਗੇ ਜਿਨ੍ਹਾਂ ਖ਼ਿਲਾਫ਼ ਅਯੋਗਤਾ ਠਹਿਰਾਏ ਜਾਣ ਦੀਆਂ ਅਰਜ਼ੀਆਂ ਬਕਾਇਆ ਪਈਆਂ ਹਨ। -ਪੀਟੀਆਈ
ਸ਼ਿੰਦੇ ਧੜਾ ਅਸਲ ਸ਼ਿਵ ਸੈਨਾ ਹੋਣ ਦਾ ਦਾਅਵਾ ਨਹੀਂ ਕਰ ਸਕਦਾ: ਰਾਊਤ
ਮੁੰਬਈ: ਸ਼ਿਵ ਸੈਨਾ ਦੇ ਰਾਜ ਸਭਾ ਮੈਂਬਰ ਸੰਜੈ ਰਾਊਤ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਅਗਵਾਈ ਹੇਠਲੇ ਧੜੇ ਦੀ ਪ੍ਰਮਾ਼ਣਕਤਾ ’ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਦਾ ਧੜਾ ਅਸਲ ਸ਼ਿਵ ਸੈਨਾ ਹੋਣ ਦਾ ਦਾਅਵਾ ਨਹੀਂ ਕਰ ਸਕਦਾ ਹੈ। ਏਕਨਾਥ ਸ਼ਿੰਦੇ ਦੀ ਅਗਵਾਈ ਹੇਠਲੀ ਸਰਕਾਰ ਵੱਲੋਂ ਭਰੋਸੇ ਦਾ ਵੋਟ ਹਾਸਲ ਕਰਨ ਤੋਂ ਪਹਿਲਾਂ ਸਪੀਕਰ ਰਾਹੁਲ ਨਾਰਵੇਕਰ ਨੇ ਅਜੈ ਚੌਧਰੀ ਨੂੰ ਹਟਾ ਕੇ ਸ਼ਿੰਦੇ ਨੂੰ ਸ਼ਿਵ ਸੈਨਾ ਵਿਧਾਇਕ ਦਲ ਦਾ ਆਗੂ ਬਹਾਲ ਕਰ ਦਿੱਤਾ ਸੀ। ਨਾਰਵੇਕਰ ਨੇ ਠਾਕਰੇ ਧੜੇ ਦੇ ਸੁਨੀਲ ਪ੍ਰਭੂ ਨੂੰ ਹਟਾ ਕੇ ਸ਼ਿੰਦੇ ਧੜੇ ਦੇ ਭਾਰਤ ਗੋਗਾਵਾਲੇ ਨੂੰ ਚੀਫ਼ ਵ੍ਹਿਪ ਐਲਾਨ ਦਿੱਤਾ ਹੈ। ਰਾਊਤ ਨੇ ਦਿੱਲੀ ’ਚ ਕਿਹਾ ਕਿ ਸ਼ਿੰਦੇ ਧੜੇ ਦੇ ਵਿਧਾਇਕਾਂ ਨੂੰ ਖੁਦ ਸਵਾਲ ਕਰਨੇ ਚਾਹੀਦੇ ਹਨ ਕਿ ਉਨ੍ਹਾਂ ਚੋਣ ਜਿੱਤਣ ਲਈ ਪਾਰਟੀ ਚੋਣ ਨਿਸ਼ਾਨ ਦੀ ਵਰਤੋਂ ਕੀਤੀ ਅਤੇ ਫਿਰ ਉਸੇ ਪਾਰਟੀ ਨੂੰ ਤੋੜ ਦਿੱਤਾ। ਉਨ੍ਹਾਂ ਕਿਹਾ ਕਿ ਸ਼ਿਵ ਸੈਨਾ ਇਸ ਨੂੰ ਅਦਾਲਤ ’ਚ ਚੁਣੌਤੀ ਦੇਵੇਗੀ। ਰਾਊਤ ਨੇ ਉਪ ਰਾਸ਼ਟਰਪਤੀ ਐੱਮ ਵੈਂਕਈਆ ਨਾਇਡੂ ਵੱਲੋਂ ਜਨਤਾ ਦਲ (ਯੂ) ਆਗੂ ਸ਼ਰਦ ਯਾਦਵ ਨੂੰ ਪਾਰਟੀ ਦਾ ਹੁਕਮ ਨਾ ਮੰਨਣ ’ਤੇ ਮੁਅੱਤਲ ਕਰ ਦਿੱਤਾ ਸੀ। ਸ਼ਿਵ ਸੈਨਾ ਦੇ ਮੁੱਖ ਤਰਜਮਾਨ ਨੇ ਕਿਹਾ ਕਿ ਇਹ ਸੰਸਦ ਦਾ ਸਮਾਗਮ ਨਹੀਂ ਸੀ ਪਰ ਫਿਰ ਵੀ ਸ਼ਰਦ ਯਾਦਵ ਖ਼ਿਲਾਫ਼ ਕਾਰਵਾਈ ਕੀਤੀ ਗਈ। ‘ਇਹ ਨਿਯਮ ਸਾਡੇ ’ਤੇ ਲਾਗੂ ਕਿਉਂ ਨਹੀਂ ਹੁੰਦਾ ਕਿਉਂਕਿ ਅਸੀਂ ਸ਼ਿੰਦੇ ਧੜੇ ਦੇ 39 ’ਚੋਂ 16 ਵਿਧਾਇਕਾਂ ਖ਼ਿਲਾਫ਼ ਅਜਿਹੀ ਕਾਰਵਾਈ ਚਾਹੁੰਦੇ ਹਾਂ।’ ਉਨ੍ਹਾਂ ਕਿਹਾ ਕਿ ਜਦੋਂ ਕਿਸੇ ਵਿਅਕਤੀ ਜਾਂ ਪਾਰਟੀ ਵੱਲੋਂ ਆਪਣੀ ਸਹੂਲਤ ਮੁਤਾਬਕ ਹੁਕਮ ਚਾੜ੍ਹੇ ਜਾਂਦੇ ਹਨ ਤਾਂ ਇਹ ਪਾਰਲੀਮਾਨੀ ਲੋਕਤੰਤਰ ਨਹੀਂ ਹੈ। -ਪੀਟੀਆਈ